ਚੰਡੀਗੜ੍ਹ, 15 ਫਰਵਰੀ(KNN)-ਪੰਜਾਬ ਵਿੱਚ 20 ਫਰਵਰੀ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਵੋਟਰ ਇਲੈਕਟਰ ਫੋਟੋ ਪਛਾਣ ਪੱਤਰ (ਐਪਿਕ) ਤੋਂ ਇਲਾਵਾ 12 ਹੋਰ ਵਿਕਲਪਕ ਦਸਤਾਵੇਜ਼ਾਂ ਨੂੰ ਆਪਣੀ ਪਛਾਣ ਦੇ ਸਬੂਤਾਂ ਵਜੋਂ ਵਰਤ ਕੇ ਆਪਣੀ ਵੋਟ ਪਾ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ (ਐਪਿਕ, ਜਿਸ ਨੂੰ ਵੋਟਰ ਆਈਡੀ ਕਾਰਡ ਵੀ ਕਿਹਾ ਜਾਂਦਾ ਹੈ) ਨਹੀਂ ਹੈ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨਪੀਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਕੇਂਦਰ ਜਾਂ ਰਾਜ ਸਰਕਾਰਾਂ ਜਾਂ ਜਨਤਕ ਖੇਤਰ ਦੇ ਅਦਾਰਿਆਂ/ਪਬਲਿਕ ਲਿਮਟਡ ਕੰਪਨੀਆਂ ਵਲੋਂ ਜਾਰੀ ਕੀਤੇ ਸੇਵਾ ਆਈ.ਡੀ ਕਾਰਡ (ਫੋਟੋ ਸਮੇਤ), ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ (ਯੂਡੀਆਈਡੀ) ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ। ਇਸ ਤਰ੍ਹਾਂ ਕੁੱਲ 12 ਦਸਤਾਵੇਜ਼ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਐਪਿਕ ਦੇ ਮਾਮਲੇ ਵਿੱਚ ਕਲੈਰੀਕਲ ਤਰੁਟੀਆਂ, ਸਪੈਲਿੰਗ ਸਬੰਧੀ ਗਲਤੀਆਂ ਆਦਿ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ ਬਸ਼ਰਤੇ ਐਪਿਕ ਦੁਆਰਾ ਵੋਟਰ ਦੀ ਪਛਾਣ ਸਥਾਪਿਤ ਕੀਤੀ ਜਾ ਸਕੇ। ਜੇਕਰ ਕਿਸੇ ਵੋਟਰ ਕੋਲ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੁਆਰਾ ਜਾਰੀ ਕੀਤਾ ਗਿਆ ਐਪਿਕ ਹੈ, ਤਾਂ ਉਹ ਵੀ ਪਛਾਣ ਲਈ ਵੀ ਸਵੀਕਾਰ ਕੀਤਾ ਜਾਵੇਗਾ, ਬਸ਼ਰਤੇ ਉਸ ਵੋਟਰ ਦਾ ਨਾਮ ਉਸ ਪੋਲਿੰਗ ਸਟੇਸ਼ਨ ਨਾਲ ਸਬੰਧਤ ਵੋਟਰ ਸੂਚੀ ਵਿੱਚ ਦਰਜ ਹੋਵੇ ਜਿੱਥੇ ਵੋਟਰ ਵੋਟ ਪਾਉਣਾ ਚਾਹੁੰਦਾ ਹੈ। ਜੇਕਰ ਵੋਟ ਪਾਉਣ ਲਈ ਬਣਾਏ ਸਬੂਤ ਤੇ ਵੋਟਰ ਦੀ ਫੋਟੋ ਆਦਿ ਦਾ ਮੇਲ ਨਾ ਹੁੰਦਾ ਹੋਵੇ ਤਾਂ ਵੋਟਰ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਪਛਾਣ ਪੱਤਰ ਦੀ ਵਿਕਲਪਕ ਸੂਚੀ ਵਿੱਚੋਂ ਕਿਸੇ ਵੀ ਹੋਰ ਵਿਕਲਪਕ ਫੋਟੋ ਦਸਤਾਵੇਜ਼ ਪੇਸ਼ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਵਿਦੇਸ਼ੀ ਵੋਟਰ ਜੋ ਭਾਰਤੀ ਪਾਸਪੋਰਟ ਵਿੱਚ ਦਰਜ ਵੇਰਵਿਆਂ ਦੇ ਅਧਾਰ ਤੇ,ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 20 ਤਹਿਤ ਵੋਟਰ ਸੂਚੀ ਵਿੱਚ ਰਜਿਸਟਰਡ ਹਨ, ਦੀ ਪਛਾਣ ਸਿਰਫ ਉਹਨਾਂ ਦੇ ਅਸਲ ਪਾਸਪੋਰਟ ਦੇ ਅਧਾਰ `ਤੇ ਕੀਤੀ ਜਾਵੇਗੀ ਅਤੇ ਪੋਲਿੰਗ ਸਟੇਸ਼ਨ ਵਿਖੇ ਵੋਟ ਪਾਉਣ ਲਈ ਉਨ੍ਹਾਂ ਵਲੋਂ ਪੇਸ਼ ਕੀਤਾ ਕੋਈ ਹੋਰ ਪਛਾਣ ਦਸਤਾਵੇਜ਼ ਸਵੀਕਾਰ ਨਹੀਂ ਕੀਤਾ ਜਾਵੇਗਾ।