ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਕੇਜਰੀਵਾਲ : ਆਰ.ਪੀ
ਜਲੰਧਰ 15 ਫਰਵਰੀ (Kesari News Network)- ਆਮ ਆਦਮੀ ਪਾਰਟੀ ਨੇ ਭਾਵੇਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ’ਤੇ ਨਜ਼ਰਾਂ ਟਿਕਾਈ ਬੈਠੇ ਹਨ ਜਾਂ ਤਾਂ ਉਹ ਖੁਦ ਜਾਂ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਇਹ ਗੱਲ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਿਆਸੀ ਧੋਖੇ ਦੀ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਉਨ੍ਹਾਂ ‘ਤੇ ਕਿਸੇ ਵੀ ਹਾਲਤ ‘ਚ ਭਰੋਸਾ ਨਹੀਂ ਕੀਤਾ ਜਾ ਸਕਦਾ। ਆਰਪੀ ਸਿੰਘ ਅੱਜ ਇੱਥੇ ਭਾਜਪਾ ਦੇ ਸੂਬਾ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੇ ਦੀ ਕਸਮ ਖਾ ਕੇ ਕਿਹਾ ਸੀ ਕਿ ‘ਤੇ ਦਿੱਲੀ ਚੋਣਾਂ ਤੋਂ ਬਾਅਦ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰਨਗੇ ਪਰ ਬੱਚਿਆਂ ਦੀ ਕਸਮ ਖਾਣ ਦੇ ਬਾਵਜੂਦ ਕਾਂਗਰਸ ਨਾਲ ਸਮਝੌਤਾ ਕਰ ਲਿਆ ਹੈ।
ਆਰਪੀ ਸਿੰਘ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ, ਸਮਾਜਵਾਦੀ ਪਾਰਟੀ ਵਰਗੀਆਂ ਪਰਿਵਾਰਵਾਦ ਵਾਲੀਆਂ ਪਾਰਟੀਆਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਪਰਿਵਾਰਵਾਦ ਵੱਲ ਜਾ ਰਹੀ ਹੈ। ਭਾਜਪਾ ਦੇ ਕੌਮੀ ਬੁਲਾਰੇ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਤੱਕ ਕਦੇ ਵੀ ਕਿਸੇ ਚੋਣ ਵਿੱਚ ਪ੍ਰਚਾਰ ਨਹੀਂ ਕੀਤਾ, ਪਰ ਪੰਜਾਬ ਵਿੱਚ ਉਨ੍ਹਾਂ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ। ਇੰਨਾ ਹੀ ਨਹੀਂ, ਜਿਸ ਤਰ੍ਹਾਂ ਉਸ ਨੇ ਆਪਣੀ ਭਗਵੰਤ ਮਾਨ ਨਾਲ ਦਿਉਰ- ਭਰਜਾਈ ਵਜੋਂ ਪੇਸ਼ ਕੀਤਾ ਹੈ, ਅਜਿਹਾ ਨਾ ਤਾਂ ਉਸ ਨੇ ਪਹਿਲਾਂ ਕਦੇ ਕੀਤਾ ਹੈ ਅਤੇ ਨਾ ਹੀ ਕਿਸੇ ਚੋਣ ਵਿਚ ਇਸ ਤਰ੍ਹਾਂ ਰਿਸ਼ਤੇਦਾਰੀ ਦੀ ਨੀਂਹ ਰੱਖ ਕੇ ਕਿਸੇ ਸੂਬੇ ਵਿਚ ਪ੍ਰਚਾਰ ਕੀਤਾ ਹੈ ।
ਦਿੱਲੀ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ’ਤੇ ਵਿਅੰਗ ਕਰਦਿਆਂ ਆਰਪੀ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾਉਣਾ ਦਾ ਫੈਸਲਾ ਵੀ ਭਗਵੰਤ ਮਾਨ ਦੇ ਪ੍ਰਭਾਵ ਹੇਠ ਲਿਆ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਭਰੋਸੇ ਦੇ ਲਾਇਕ ਨਹੀਂ ਹਨ ਅਤੇ ਇਹ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਹੀ ਦੇਣਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੀ ਪੰਜਾਬ ਵਿੱਚ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਲਿਆ ਸਕਦੀ ਹੈ।