ਕੇਸਰੀ ਨਿਊਜ਼ ਨੈੱਟਵਰਕ:ਪੰਜਾਬ ਪੁਲਿਸ ਦੀ STF ਨੇ ਹਾਈ ਪ੍ਰੋਫਾਈਲ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ STF ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਸਿੰਘ ਉਰਫ ਜੀਤਾ ਮੋੜ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਹੈ। ਰਣਜੀਤ ਸਿੰਘ ਦੇ ਨਾਲ-ਨਾਲ ਇਸ ਧੰਦੇ ਵਿੱਚ ਲੰਮੇ ਸਮੇਂ ਤੋਂ ਜਲੰਧਰ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਵਿਮਲ ਕਾਂਤ ਅਤੇ ਇੱਕ ਥਾਣੇਦਾਰ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ।ਫਿਲਹਾਲ ਇਸ ਮਾਮਲੇ ‘ਚ ਅਧਿਕਾਰਤ ਤੌਰ ‘ਤੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਜੀਤਾ ਮੌੜ ਨਸ਼ਿਆਂ ਰਾਹੀਂ ਕਾਲਾ ਧਨ ਕਮਾ ਰਿਹਾ ਸੀ, ਜੋ ਰੀਅਲ ਅਸਟੇਟ ਅਤੇ ਜ਼ਮੀਨ ਦੀ ਖਰੀਦੋ-ਫਰੋਖਤ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕਰਦਾ ਰਿਹਾ। ਰਣਜੀਤ ਉਰਫ ਜੀਤਾ ਮੌੜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ ਅਤੇ ਉਸ ਕੋਲ Audi ਅਤੇ BMW ਵਰਗੀਆਂ ਮਹਿੰਗੀਆਂ ਗੱਡੀਆਂ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੀਤਾ ਮੌੜ ਪੁਲਿਸ ਦੀ ਸੁਰੱਖਿਆ ਹੇਠ ਨਸ਼ਾ ਸਪਲਾਈ ਕਰਦਾ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਸ ਦੀ ਸੁਰੱਖਿਆ ‘ਚ ਤਾਇਨਾਤ ਐੱਸਐੱਚਓ ਨਸ਼ੇ ਦੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦਾ ਸੀ। ਰਣਜੀਤ ਜੀਤਾ ਮੌੜ ਦੀ ਕੋਠੀ ਤੋਂ ਮਿਲੀਆਂ ਆਲੀਸ਼ਾਨ ਗੱਡੀਆਂ ਨੂੰ ਐਸਟੀਐਫ ਨੇ ਜ਼ਬਤ ਕਰ ਲਿਆ ਹੈ। ਰਣਜੀਤ ਦੇ ਘਰੋਂ ਇੱਕ ਹਥਿਆਰ, 100 ਗ੍ਰਾਮ ਨਸ਼ੀਲਾ ਪਦਾਰਥ ਅਤੇ ਨਕਦੀ ਬਰਾਮਦ ਹੋਈ ਹੈ। ਸੂਤਰਾਂ ਅਨੁਸਾਰ ਅਮਰੀਕਾ ਵਿੱਚ ਰਹਿੰਦਾ ਗੁਰਜੰਟ ਸਿੰਘ ਅਤੇ ਕੈਨੇਡੀਅਨ ਕਬੱਡੀ ਖਿਡਾਰੀ ਦਵਿੰਦਰ ਸਿੰਘ ਵੀ ਰਣਜੀਤ ਦੇ ਸੰਪਰਕ ਵਿੱਚ ਹਨ। STF ਨੇ ਬੁੱਧਵਾਰ ਨੂੰ ਜੀਤਾ ਮੋੜ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ ਪਰ ਐਸਟੀਐਫ ਨੇ ਉਸ ਨੂੰ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਇਸ ਮਾਮਲੇ ‘ਚ 12 ਲੋਕਾਂ ਦੇ ਨਾਂ ਸਾਹਮਣੇ ਆਏ ਹਨ।ਜੀਤਾ ਮੌੜ ਦੀ ਗ੍ਰਿਫਤਾਰੀ ਨਾਲ ਜਲੰਧਰ ਦੇ ਰੀਅਲ ਅਸਟੇਟ ਕਾਰੋਬਾਰੀਆਂ ‘ਚ ਵੀ ਹੜਕੰਪ ਮਚ ਗਿਆ ਹੈ।