ਨਵੀਂ ਦਿੱਲੀ (ਕੇਸਰ ਨਿਊਜ਼ ਨੈੱਟਵਰਕ): ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਮਹਾਭਾਰਤ’ ‘ਚ ਕੰਮ ਕਰਨ ਵਾਲੇ ਅਭਿਨੇਤਾ ਪ੍ਰਵੀਨ ਕੁਮਾਰ ਸੋਬਤੀ ਦੀ ਦਿੱਲੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਪੰਜਾਬੀ ਬਾਗ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਦਾਕਾਰ ਪ੍ਰਵੀਨ ਕੁਮਾਰ ਸੋਬਤੀ ਦੀ ਆਖਰੀ ਫਿਲਮ 2013 ਵਿੱਚ ‘ਮਹਾਭਾਰਤ ਔਰ ਬਰਬਰ’ ਰਿਲੀਜ਼ ਹੋਈ ਸੀ ਸੀ। ਇਸ ਫਿਲਮ ਵਿੱਚ ਪ੍ਰਵੀਨ ਕੁਮਾਰ ਸੋਬਤੀ ਨੇ ਭੀਮ ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਅਦਾਕਾਰੀ ਛੱਡ ਕੇ ਪ੍ਰਵੀਨ ਕੁਮਾਰ ਸੋਬਤੀ ਨੇ ਰਾਜਨੀਤੀ ਵਿੱਚ ਕਦਮ ਰੱਖਿਆ। ਇਸ ਕੜੀ ‘ਚ ਉਨ੍ਹਾਂ ਨੇ ਦਿੱਲੀ ਦੇ ਵਜ਼ੀਰਪੁਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਕੁਝ ਮਹੀਨਿਆਂ ਬਾਅਦ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ।