ਬਾਰਿਸ਼ ਅਤੇ ਮੌਸਮ ਦੀ ਖ਼ਰਾਬੀ ਨੇ ਆਲੂ,ਗੰਨਾ ,ਕਣਕ ਉਤਪਾਦਕ ਕਿਸਾਨਾਂ ਦੇ ਸਾਹ ਸੂਤੇ
– ਕਿਸਾਨ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਸਰਕਾਰ ਕੋਲੋਂ ਕੀਤੀ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜਾ ਪ੍ਰਦਾਨ ਕਰਨ ਦੀ ਮੰਗ
ਜਲੰਧਰ 16 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ)- ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਖੇਤੀ ਸੈਕਟਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਰਿਸ਼ ਅਤੇ ਮੌਸਮ ਦੀ ਖ਼ਰਾਬੀ ਕਾਰਨ ਇਨੀਂ ਦਿਨੀਂ ਖੇਤਾਂ ਵਿਚ ਖੜ੍ਹੀਆਂ ਕਣਕ, ਗੰਨਾ ਸਮੇਤ ਆਲੂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਹ ਗੱਲ ਪ੍ਰਸਿੱਧ ਆਲੂ ਬੀਜ ਉਤਪਾਦਕ ਕੰਪਨੀ ਹਰਿੰਦਰਾ ਸੀਡਜ਼ ਦੇ ਮੁਖੀ ਅਤੇ ਕਿਸਾਨ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਜਲੰਧਰ ਨੇੜਲੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਆਖੀ।
ਕਿਸਾਨ ਆਗੂ ਨੇ ਦੱਸਿਆ ਕਿ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਪਰਮਜੀਤ ਸਿੰਘ ਦਿਉਲ ਖੋਜੇਵਾਲ ਕਪੂਰਥਲਾ ,
ਬਲਬੀਰ ਸਿੰਘ ਬੁੱਧੋਪੰਦਰ, ਧੀਰਜ ਅਗਰਵਾਲ ਜਲੰਧਰ ਕੈਂਟ,
ਗੁਰਵਿੰਦਰ ਸਿੰਘ ਸੀਤਲਪੁਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਂਵਾਂ ਨੂੰ ਸੁਣਿਆ ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਦਿਨੀਂ ਪੈਣ ਵਾਲੀ ਬਾਰਿਸ਼ ਸ਼ੁਰੂ ਵਿਚ ਤਾਂ ਕੁਝ ਫਸਲਾਂ ਲਈ ਲਾਭਦਾਇਕ ਸਮਝੀ ਜਾ ਰਹੀ ਸੀ।ਪਰ ਬਾਰਿਸ਼ ਲਗਾਤਾਰ ਪੈਣ ਕਾਰਨ ਇਹ ਬਾਰਿਸ਼ ਦੀ ਥਾਂ ਆਫ਼ਤ ਬਣ ਕੇ ਰਹਿ ਗਈ।
ਢੀਂਡਸਾ ਨੇ ਦੱਸਿਆ ਕਿ ਪੰਜਾਬ ਦਾ ਦੋਆਬਾ ਖੇਤਰ ਆਲੂ ਬੀਜ ਉਤਪਾਦਨ ਲਈ ਜਾਣਿਆ ਜਾਂਦਾ ਹੈ ਜਿਸ ਵਾਸਤੇ ਇੱਕ ਖਾਸ ਸਾਈਜ਼ ਦੇ ਆਲੂ ਦਾ ਉਤਪਾਦਨ ਕਰਨਾ ਹੁੰਦਾ ਹੈ। ਪਰ ਭਾਰੀ ਬਾਰਿਸ਼ ਕਾਰਨ ਜ਼ਮੀਨ ਵਿਚ ਪਾਣੀ ਖੜ੍ਹਾ ਹੋ ਗਿਆ ਹੈ। ਇਸ ਨਾਲ ਜਿੱਥੇ ਇਕ ਪਾਸੇ ਜ਼ਮੀਨ ਹੇਠ ਆਲੂ ਖ਼ਰਾਬ ਹੋਣ ਲੱਗਾ ਹੈ ਆਲੂ ਕਾਰਨ ਉਤਪਾਦਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਹੁਣ ਤੱਕ ਆਲੂ ਦੀ ਫ਼ਸਲ ਦਾ 25% ਤੋਂ ਵਧੇਰੇ ਨੁਕਸਾਨ ਹੋਣ ਦਾ ਖਦਸ਼ਾ ਹੈ।ਇਸੇ ਤਰ੍ਹਾਂ ਕਣਕ ਅਤੇ ਗੰਨਾ ਉਤਪਾਦਕਾਂ ਨੇ ਵੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਣ ਦਾ ਖਦਸ਼ਾ ਪ੍ਰਗਟਾਇਆ ਹੈ।
ਕਿਸਾਨ ਆਗੂ ਹਰਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋ ਜਲਦੀ ਸਬੰਧਤ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਲਈ ਢੁਕਵੇਂ ਮੁਆਵਜ਼ੇ ਦਾ ਪ੍ਰਬੰਧ ਕਰੇ।