ਭੁਲੱਥ ਵਿਚ ਕਾਂਗਰਸ ਨੂੰ ਵੱਡਾ ਝਟਕਾ ਅਮਨਦੀਪ ਸਿੰਘ (ਗੋਰਾ ਗਿੱਲ) ਦੀ ਅਗਵਾਈ ਹੇਠ ਕਈ ਸਰਪੰਚ ਕੈਪਟਨ ਤੇ ਭਾਜਪਾ ਦੇ ਖੇਮੇ ‘ਚ
ਕਪੂਰਥਲਾ (ਕੇਸਰੀ ਨਿਊਜ਼ ਨੈੱਟਵਰਕ)- ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਖੋਰਾ ਲੱਗਣਾ ਲਗਾਤਾਰ ਜਾਰੀ ਹੈ। ਇਸ ਤਹਿਤ ਹੁਣ ਵਿਧਾਨ ਸਭਾ ਹਲਕਾ ਭੁਲੱਥ ਤੋਂ ਸੰਭਾਵਨਾਵਾਂ ਭਰਪੂਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਵੀ ਦਰਜਨਾਂ ਹਿਮਾਇਤੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਗੋਰਾ ਗਿੱਲ ਅਤੇ ਸਾਥੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਿਲ ਹੋ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਏਕਾਂਤ ਵਾਸ ਹੋਣ ਕਾਰਨ ਸੀਸਵਾਂ ਫਾਰਮ ਹਾਊਸ ਵਿਖੇ ਕੈਪਟਨ ਦੇ ਬੇਟੇ ਰਣ ਇੰਦਰ ਸਿੰਘ ਨੇ ਗੋਰਾ ਗਿੱਲ ਅਤੇ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਦੀ ਰਸਮ ਨਿਭਾਈ।
ਅਮਨਦੀਪ ਸਿੰਘ ਗੋਰਾ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਦਮ ਪੰਜਾਬ ਅਤੇ ਪੰਜਾਬੀਆਂ ਦੇ ਸੁਨਹਿਰੇ ਭਵਿੱਖ ਨੂੰ ਉਠਾਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਕਾਲੇ ਦੌਰ ਵਿਚ ਲੱਖਾਂ ਕਰੋੜਾਂ ਦਾ ਕਰਜਾਈ ਹੋਇਆ ਪੰਜਾਬ ਅੱਜ ਕਰਜੇ, ਬੇਰੋਜ਼ਗਾਰੀ, ਅਤੇ ਗਵਾਂਢੀ ਮੁਲਕਾਂ ਤੋਂ ਦਰਪੇਸ਼ ਸੁਰੱਖਿਆ ਚੁਣੌਤੀਆਂ ਦੇ ਘੁੱਪ ਹਨੇਰੇ ਵਿੱਚੋਂ ਸਿਰਫ਼ ਅਤੇ ਸਿਰਫ਼ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਕੱਢਿਆ ਜਾ ਸਕਦਾ ਹੈ, ਜਦ ਕਿ ਮੌਜੂਦਾ ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਹੋਰ ਸਥਾਨਕ ਸਿਆਸੀ ਪਾਰਟੀਆਂ ਦਿੱਲੀ ਦੀ ਕੇਂਦਰ ਸਰਕਾਰ ਦਾ ਹਊਆ ਖੜ੍ਹਾ ਕਰਕੇ ਵੋਟਾਂ ਬਟੋਰਨ ਦੀ ਸੌੜੀ ਸਿਆਸਤ ਤਕ ਸੀਮਤ ਹੋ ਕੇ ਰਹਿ ਗਈਆਂ ਹਨ। ਪਰ ਇਹ ਗੱਲ ਦਿਨ ਦੇ ਚਾਨਣ ਵਰਗੀ ਸਪੱਸ਼ਟ ਹੈ ਕਿ ਪੰਜਾਬ ਨੂੰ ਹੁਣ ਕੇਂਦਰ ਨਾਲ ਤਾਲਮੇਲ ਅਤੇ ਸਹਿਯੋਗ ਰੱਖ ਕੇ ਚੱਲਣ ਵਾਲੀ ਸਥਿਰ ਸਰਕਾਰ ਦੀ ਹੀ ਲੋੜ ਹੈ ਜੋ ਕੈਪਟਨ ਅਮਰਿੰਦਰ ਸਿੰਘ ਵਰਗੇ ਤਜਰਬੇਕਾਰ, ਸੂਝਵਾਨ ਅਤੇ ਦੇਸ਼ ਹਿੱਤਾਂ ਨੂੰ ਮੂਹਰੇ ਰੱਖ ਕੇ ਚੱਲਣ ਵਾਲੇ ਆਗੂ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਸੰਯੁਕਤ ਦਾ ਗੱਠਜੋੜ ਹੀ ਦੇ ਸਕਦਾ ਹੈ।
ਗੋਰਾ ਗਿੱਲ ਨੇ ਦੱਸਿਆ ਕਿ ਇਸ ਮੌਕੇ ਸਰਦਾਰ ਰਣ ਇੰਦਰ ਸਿੰਘ ਨੇ ਉਨ੍ਹਾਂ ਦੇ ਨਾਲ ਸਰਪੰਚ ਨਿਰਮਲ ਸਿੰਘ ਪਿੰਡ ਰਾਮਗੜ੍ਹ, ਸਰਪੰਚ ਮਾਸਟਰ ਬਲਕਾਰ ਸਿੰਘ ਪਿੰਡ ਮੰਡ ਕੁਲਾ, ਸਰਪੰਚ ਗੁਰਭੇਜ ਸਿੰਘ ਪਿੰਡ ਪੰਡੋਰੀ ਅਰਾਈਆਂ, ਸਰਪੰਚ ਕੁਲਵੰਤ ਸਿੰਘ ਪਿੰਡ ਤਲਵੰਡੀ ਕੂਕਾ,ਦਲਜੀਤ ਸਿੰਘ ਰਾਮਗੜ੍ਹ, ਗੁਰਪ੍ਰੀਤ ਸਿੰਘ ਬੱਲ ਬੁਟਾਲਾ, ਗੁਬਿੰਦਰ ਸਿੰਘ ਬੱਲ ਬੁਟਾਲਾ, ਚਰਨ ਸਿੰਘ ਮਾਨ ਪਿੰਡ ਸੰਗਰਾਵਾਂ, ਸਰਵਣ ਸਿੰਘ ਬਾਜਵਾ ਪਿੰਡ ਡੱਲਾ, ਸਰੂਪ ਸਿੰਘ ਬਾਜਵਾ ਪਿੰਡ ਡੱਲਾ, ਸੁਖਦੇਵ ਸਿੰਘ ਪਿੰਡ ਤਲਵੰਡੀ ਕੂਕਾ, ਸਤਵੀਰ ਸਿੰਘ ਵਿਲ ਪੰਡੋਰੀ ਅਰਾਈਆਂ, ਭੁਪਿੰਦਰ ਸਿੰਘ ਵਿਲ ਮਕਸੂਦ ਪੁਰ, ਅਮਰੀਕ ਸਿੰਘ ਗਿੱਲ ਪਿੰਡ ਪੰਡੋਰੀ ਅਰਾਈਆਂ ਅਤੇ ਬਲਜਿੰਦਰ ਸਿੰਘ (ਮੰਨੀ) ਪਿੰਡ ਰਾਮਗੜ੍ਹ ਨੂੰ ਵੀ ਪਾਰਟੀ ਵਿਚ ਜੀ ਆਇਆਂ ਨੂੰ ਕਿਹਾ। ਜਦਕਿ ਕੁਆਰਿੰਟੀਨ ਚਲ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੁਝ ਦੂਰੀ ਤੋਂ ਸ਼ੁੱਭ ਇੱਛਾਵਾਂ ਦਿੱਤੀਆਂ।