ਪਾਕਿ ਅਧਾਰਤ ਸਵੈ-ਘੋਸਿ਼ਤ ਆਈ.ਐਸ.ਵਾਈ.ਐਫ. ਮੁਖੀ ਲਖਬੀਰ ਰੋਡੇ,ਉਸਦੇ ਸਾਥੀ ਸੁਖਪ੍ਰੀਤ ਉਰਫ ਸੁੱਖ ਨੇ ਉਪਲਬਧ ਕਰਵਾਈ ਸੀ ਖੇਪ
ਚੰਡੀਗੜ੍ਹ, 13 ਜਨਵਰੀ (Kesari News Network)-ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੀ ਸਫਲਤਾ ਤੋਂ ਬਾਅਦ ਪੰਜਾਬ ਪੁਲਿਸ ਨੇ ਅੱਜ 2.5 ਕਿਲੋ RDX, ਇੱਕ ਡੈਟੋਨੇਟਰ, ਕੋਡੈਕਸ ਤਾਰ, ਤਾਰਾਂ ਸਮੇਤ ਪੰਜ ਵਿਸਫੋਟਕ ਫਿਊਜ਼, ਏਕੇ 47 ਅਸਾਲਟ ਰਾਈਫਲ ਦੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵੀਕੇ ਭਾਵਰਾ ਨੇ ਦੱਸਿਆ ਕਿ ਇਹ ਬਰਾਮਦਗੀ ਗੁਰਦਾਸਪੁਰ ਦੇ ਪਿੰਡ ਲਖਨਪਾਲ ਦੇ ਰਹਿਣ ਵਾਲੇ ਦੋਸ਼ੀ ਅਮਨਦੀਪ ਕੁਮਾਰ ਉਰਫ਼ ਮੰਤਰੀ ਦੇ ਇਕਬਾਲੀਆ ਬਿਆਨ `ਤੇ ਕੀਤੀ ਗਈ ਹੈ, ਜੋ ਕਿ ਪਠਾਨਕੋਟ ਵਿੱਚ ਹਾਲ ਹੀ ਵਿੱਚ ਵਾਪਰੇ ਗ੍ਰੇਨੇਡ ਹਮਲਿਆਂ ਦੀਆਂ ਦੋ ਘਟਨਾਵਾਂ ਦਾ ਮੁੱਖ ਮੁਲਜ਼ਮ ਹੈ।
ਜਿਕਰਯੋਗ ਹੈ ਕਿ, ਅਮਨਦੀਪ ਉਰਫ ਮੰਤਰੀ ਸੋਮਵਾਰ ਨੂੰ ਐਸਬੀਐਸ ਨਗਰ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਆਈਐਸਵਾਈਐਫ ਦੇ ਛੇ ਕਾਰਕੁੰਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਪਠਾਨਕੋਟ ਆਰਮੀ ਕੈਂਪ ਸਮੇਤ ਪਠਾਨਕੋਟ ਵਿੱਚ ਦੋ ਗ੍ਰਨੇਡ ਹਮਲੇ ਕਰਨ ਦੀ ਗੱਲ ਕਬੂਲੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਹੈਂਡ ਗਰਨੇਡ (86 ਪੀ), ਇੱਕ ਪਿਸਤੌਲ (9 ਐਮਐਮ), ਇੱਕ ਰਾਈਫਲ (.30 ਬੋਰ) ਦੇ ਨਾਲ-ਨਾਲ ਜਿੰਦਾ ਕਾਰਤੂਸ ਅਤੇ ਮੈਗਜ਼ੀਨ ਵੀ ਬਰਾਮਦ ਕੀਤੇ ਸਨ।
ਐਸਐਸਪੀ ਐਸਬੀਐਸ ਨਗਰ ਕੰਵਰਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਦੇ ਖੁਲਾਸੇ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਗੁਰਦਾਸਪੁਰ ਜਿਲ੍ਹੇ ਵਿੱਚ ਟੀਮਾਂ ਭੇਜੀਆਂ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ , ਜਿਸ ਦੀ ਵਰਤੋਂ ਅਮਨਦੀਪ ਅਨੁਸਾਰ ਆਈਈਡੀ ਬਣਾਉਣ ਲਈ ਕੀਤੀ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਇਹ ਖੇਪ ਆਈ.ਐਸ.ਵਾਈ.ਐਫ (ਰੋਡੇ) ਦੇ ਸਵੈ-ਘੋਸ਼ਿਤ ਚੀਫ਼ ਲਖਬੀਰ ਸਿੰਘ ਰੋਡੇ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿੱਚ ਰਹਿ ਰਿਹਾ ਹੈ, ਵੱਲੋਂ ਅਮਨਦੀਪ ਨੂੰ ਆਪਣੇ ਸਾਥੀ ਅਤੇ ਇਸ ਦਹਿਸ਼ਤੀ ਮਾਡਿਊਲ ਦੇ ਹੈਂਡਲਰ ਸੁਖਪ੍ਰੀਤ ਸਿੰਘ ਉਰਫ਼ ਸੁੱਖ ਵਾਸੀ ਪਿੰਡ ਖਰਲ, ਦੀਨਾਨਗਰ ਰਾਹੀਂ ਮੁਹੱਈਆ ਕਰਵਾਈ ਗਈ ਸੀ।