ਗੰਭੀਰ ਮੁਸ਼ਕਲ ਅਤੇ ਚੁਣੌਤੀਪੂਰਨ ਸਮੇਂ ਚੋਂ ਲੰਘ ਰਿਹੈ ਪੰਜਾਬ, ਭਾਜਪਾ ਇਸ ‘ਚੋਂ ਕੱਢਣ ਲਈ ਦੇਵੇਗੀ ਰੋਡਮੈਪ : ਸ਼ੇਖਾਵਤ
ਸਾਬਕਾ ਵਿਧਾਇਕ ਦੀਦਾਰ ਭੱਟੀ ਅਤੇ ਸਤਵੰਤ ਮੋਹੀ ਸਮੇਤ ਕਈ ਧੜੱਲੇਦਾਰ ਆਗੂ ਭਾਜਪਾ ‘ਚ ਹੋਏ ਸ਼ਾਮਲ।
ਜਲੰਧਰ 12 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ)-ਭਾਰਤੀ ਜਨਤਾ ਪਾਰਟੀ ਪੰਜਾਬ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਆਪੋ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਕੜੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂਆਂ ਨੇ ਜਲੰਧਰ ਵਿੱਚ ਭਾਜਪਾ ਦਾ ਕਮਲ ਫੜ੍ਹ ਲਿਆ। ਜਲੰਧਰ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਸੂਬਾ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਸਾਰਿਆਂ ਨੂੰ ਭਾਜਪਾ ਦਾ ਸਿਰੋਪਾ ਪਾ ਕੇ ਭਾਜਪਾ ਪਰਿਵਾਰ ‘ਚ ਸ਼ਾਮਲ ਕੀਤਾ। ਜਲੰਧਰ ਪੁੱਜਣ ‘ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਪਣੀ ਟੀਮ ਦੇ ਅਹੁਦੇਦਾਰਾਂ ਸਮੇਤ ਰਾਸ਼ਟਰੀ ਅਤੇ ਸੂਬਾਈ ਲੀਡਰਸ਼ਿਪ ਦਾ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਹੰਸ ਰਾਜ ਹੰਸ, ਸੂਬਾ ਭਾਜਪਾ ਜਨਰਲ ਸਕੱਤਰ ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।
ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਔਖੇ ਅਤੇ ਚੁਣੌਤੀਪੂਰਨ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਭਾਜਪਾ ਸੱਤਾ ਵਿੱਚ ਆਉਣ ’ਤੇ ਸੂਬੇ ਨੂੰ ਇਸ ਵਿੱਚੋਂ ਕੱਢਣ ਲਈ ਵਿਸਥਾਰਤ ਰੋਡਮੈਪ ਦੇਵੇਗੀ। ਸੂਬੇ ਵਿੱਚ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣਾ ਮੁੱਖ ਮੰਤਰੀ ਅਤੇ ਸੂਬਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਸਾਰੀ ਪੁਲਿਸ, ਏਜੰਸੀਆਂ ਅਤੇ ਪ੍ਰਸ਼ਾਸਨ ਮੁੱਖ ਮੰਤਰੀ ਦੇ ਅਧੀਨ ਹਨ। ਪਰ ਚੰਨੀ ਨੇ ਸੂਬੇ ਦੀ ਸੁਰੱਖਿਆ ਨੂੰ ਦਾਅ ‘ਤੇ ਲਗਾ ਦਿੱਤਾ ਹੈ। ਚੰਨੀ, ਸਿੱਧੂ ਅਤੇ ਉਨ੍ਹਾਂ ਦੀ ਸਰਕਾਰ ਨੂੰ ਸੂਬੇ ਵਿੱਚ ਫੈਲੀ ਅਰਾਜਕਤਾ ਅਤੇ ਦਹਿਸ਼ਤ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਲੋਕ ਉਨ੍ਹਾਂ ਨੂੰ ਜਵਾਬਦੇਹ ਬਣਾਉਣਗੇ, ਜੋ ਆਪਣੀਆਂ ਅਸਫਲਤਾਵਾਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਭਾਜਪਾ ਕਿਸੇ ਨੂੰ ਵੀ ਬੜੀ ਮੁਸ਼ਕਲ ਨਾਲ ਹਾਸਲ ਕੀਤੀ ਗਈ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਸ਼ੇਖਾਵਤ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੰਦੀ ਹੈ ਅਤੇ ਦੇਸ਼ ਵਿਰੋਧੀ ਤੱਤਾਂ ਨੂੰ ਕੋਈ ਥਾਂ ਨਹੀਂ ਦਿੰਦੀ। ਸਮਾਜਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਦੇਸ਼ ਹਿੱਤ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ।
ਰਾਜੇਸ਼ ਬਾਗਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਦੀਦਾਰ ਸਿੰਘ ਭੱਟੀ, ਸ਼ੁਤਰਾਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਐੱਸ.ਸੀ. ਕਮਿਸ਼ਨ ਪੰਜਾਬ ਦੇ ਮੌਜੂਦਾ ਮੈਂਬਰ ਦੇ ਪੁੱਤਰ ਸਤਵੰਤ ਸਿੰਘ ਮੋਹੀ, ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮਜੀਤ ਸਿੰਘ ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ (ਅੰਮ੍ਰਿਤਸਰ), ਵਿਧਾਨ ਸਭਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ ਸਪੋਰਟਸ ਵਿੰਗ ਦੇ ਪ੍ਰਧਾਨ ਰਾਜਪਾਲ ਚੌਹਾਨ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਜ਼ੋਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ (ਜਲੰਧਰ), ਫਤਹਿਗੜ੍ਹ ਸਾਹਿਬ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਬਿੰਦਰ ਸਿੰਘ ਭੱਟੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਸਾਰੇ ਆਪੋ-ਆਪਣੇ ਖੇਤਰਾਂ ਵਿੱਚ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ-ਪ੍ਰਸਾਰ ਕਰਕੇ ਭਾਜਪਾ ਉਮੀਦਵਾਰਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ।