Amritsar (Kesari News Network)- ਕਾਂਗਰਸ ਪਾਰਟੀ ਮੁਖੀ ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਨਕਿਆਂ ਇਟਲੀ ਤੋਂ ਕੁਝ ਸ਼ੱਕੀ ਵਿਅਕਤੀਆਂ ਦੇ ਭਾਰਤ ਦੀ ਇਕ ਏਅਰ ਪੋਰਟ ਉੱਪਰ ਪੁੱਜਣ ਤੋਂ ਬਾਅਦ ਸਨਸਨੀ ਫੈਲ ਗਈ। ਇਸਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਵੀ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ।
ਅਸਲ ਵਿਚ ਹਾਲ ਹੀ ਵਿੱਚ ਕੋਰੋਨਾ ਦੀ ਸੇਕ ਝੱਲ ਚੁੱਕਾ ਪੰਜਾਬ ਓਮੀਕਰੋਨ ਦੀ ਲਪੇਟ ਵਿਚ ਆਉਣ ਦੇ ਖ਼ਤਰੇ ਨਾਲ ਵੀ ਜੂਝ ਰਿਹਾ ਹੈ। ਪੰਜਾਬ ਲਈ ਓਮੀਕਰੋਨ ਦੇ ਖਤਰੇ ਦੀ ਜੋਰਦਾਰ ਘੰਟੀ ਉਸ ਵੇਲੇ ਵੱਜ ਗਈ ਜਦੋਂ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਟਲੀ ਤੋਂ ਪਰਤੇ 125 ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ। ਪ੍ਰਸਾਸ਼ਨ ਵਲੋਂ ਸਾਰਿਆਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਬੁੱਧਵਾਰ ਨੂੰ ਪੰਜਾਬ ਵਿਚ ਓਮੀਕ੍ਰੋਨ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੁੱਲ 1811 ਲੋਕਾਂ ਦੀ ਰਿਪੋਰਟ ਪਾਜਿਟਿਵ ਆਈ ਹੈ।
ਕੋਰੋਨਾ ਕਾਰਨ ਚਾਰ ਲੋਕਾਂ ਦੀ ਮੌਤ ਵੀ ਹੋਈ ਹੈ। ਜਿਨਾਂ ਵਿੱਚ ਜਲੰਧਰ ਦਾ ਇੱਕ ਜਿੰਮ ਸੰਚਾਲਕ ਵੀ ਸ਼ਾਮਲ ਹੈ। ਕੋਰੋਨਾ ਦੀ ਪਾਜ਼ਿਟਿਵ ਦਰ ਵੀ ਵਧ ਕੇ 7.95 ਪ੍ਰਤੀਸ਼ਤ ਹੋ ਗਈ ਹੈ। ਬੁੱਧਵਾਰ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਪਟਿਆਲਾ ਦੇ ਡੀਸੀ ਸੰਦੀਪ ਹੰਸ, ਏਡੀਸੀ ਗੁਰਪ੍ਰੀਤ ਸਿੰਘ ਥਿੰਦ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਜਿੰਦਰ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ। ਹਾਲਾਂਕਿ ਡੀਸੀ ਅੰਮ੍ਰਿਤਸਰ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਵੀ ਮਿਲ ਚੁੱਕੀਆਂ ਹਨ।
ਦੂਜੇ ਪਾਸੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਪੀਜੀਆਈ ਦੇ ਦਰਜਨਾਂ ਸਟਾਫ਼ ਮੈਂਬਰ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।
ਅਜਿਹੇ ਹਾਲਾਤ ਵਿਚ ਇਕ ਵਾਰ ਫਿਰ ਪੰਜਾਬ ਨੂੰ ਲਾਕਡ਼ਾਊਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦਕਿ ਰਾਤ ਦਾ ਕਰਫਿਊ ਲਾਗੂ ਕਰਕੇ ਜਨਤਾ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ।