2022 ਦੀਆਂ ਵਿਧਾਨ ਸਭਾ ਚੋਣਾਂ ‘ਚ ਵਿਰੋਧੀ ਪਾਰਟੀਆਂ ਦਾ ਹੋਵੇਗਾ ਸਫਾਇਆ ਤੇ ਭਾਜਪਾ ਆਪਣੇ ਦਮ ‘ਤੇ ਸਰਕਾਰ ਬਣਾ ਕੇ ਸਿਰਜੇਗੀ ਇਤਿਹਾਸ: ਸ਼ੇਖਾਵਤ
ਪੰਜਾਬ ਵਿੱਚ ਭਾਜਪਾ ਦੀ ਸਰਕਾਰ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਵੇਗੀ ਅਤੇ ਲੋਕਾਂ ਨੂੰ ਦੇਵੇਗੀ ਭ੍ਰਿਸ਼ਟਾਚਾਰ ਮੁਕਤ ਸਰਕਾਰ
ਜਲੰਧਰ, 1 ਜਨਵਰੀ (ਕੇਸਰੀ ਨਿਊਜ਼ ਨੈੱਟਵਰਕ)-ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਜਪਾ ਦੇ ਸੂਬਾ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੂਬੇ ਵਿੱਚ ਅਗਲੀ ਸਰਕਾਰ ਬਣਾ ਕੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰੇਗੀ। ਇਹ ਗੱਲ ਉਨ੍ਹਾਂ ਜਲੰਧਰ ਵਿਖੇ ਸੂਬੇ ਦੇ ਵੱਖ-ਵੱਖ ਭਾਜਪਾ ਸੈੱਲਾਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਜਲੰਧਰ ਪਹੁੰਚਣ ‘ਤੇ ਗਜੇਂਦਰ ਸਿੰਘ ਸ਼ੇਖਾਵਤ ਅਤੇ ਹੋਰ ਸੂਬਾਈ ਅਧਿਕਾਰੀਆਂ ਦਾ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਆਪਣੀ ਟੀਮ ਸਮੇਤ ਸਵਾਗਤ ਕੀਤਾI
ਗਜੇਂਦਰ ਸਿੰਘ ਸ਼ੇਖਾਵਤ ਨੇ ਮੀਟਿੰਗ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਹਿਲਾਂ ਪੰਜਾਬ ਖੁਸ਼ਹਾਲੀ ਵਿੱਚ ਮੋਹਰੀ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਨੂੰ ਜੀਡੀਪੀ ਰੇਟਿੰਗ ਵਿੱਚ ਪਹਿਲੇ ਸਥਾਨ ’ਤੇ ਰਹਿਣ ਦਾ ਮਾਣ ਹਾਸਲ ਸੀ। ਅੱਜ ਸੂਬਾ ਨਾ ਸਿਰਫ਼ ਵੱਡੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ, ਸਗੋਂ ਨਸ਼ਿਆਂ ਦੀ ਤਸਕਰੀ ਨੇ ਇਸ ਦੀ ਸਾਖ ਨੂੰ ਗੰਭੀਰ ਸੱਟ ਮਾਰੀ ਹੈ। ਸੂਬੇ ਵਿੱਚ ਉਦਯੋਗ ਬੰਦ ਹੋ ਗਏ ਹਨ ਅਤੇ ਜੋ ਚੱਲ ਰਹੇ ਹਨ ਉਹ ਵੀ ਦੂਜੇ ਸੂਬਿਆਂ ਵਿੱਚ ਜਾਣ ਦੀ ਯੋਜਨਾ ਬਣਾ ਰਹੇ ਹਨ। ਸੂਬੇ ਵਿੱਚ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ। ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਹਨ। ਸੂਬੇ ਦੇ ਸਿਆਸੀ ਧਿਰ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਕਾਰਨ ਲੋਕਾਂ ਨੇ ਕਾਂਗਰਸ ਸਰਕਾਰ ਤੋਂ ਮੂੰਹ ਮੋੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਵੀ ਵਿਰੋਧੀ ਪਾਰਟੀ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕਿਸੇ ਨੀਤੀ ‘ਤੇ ਗੱਲ ਨਹੀਂ ਕਰਦੀ। ਵਿਰੋਧੀ ਧਿਰ ਸਿਰਫ਼ ਵੋਟਾਂ ਬਟੋਰਨ ਲਈ ਫ੍ਰੀ ਦੇ ਐਲਾਨ ਕਰਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਜਨਵਰੀ ਨੂੰ ਕੀਤੀ ਜਾਣ ਵਾਲੀ ਰੈਲੀ ਨੂੰ ਲੈ ਕੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਇਹ ਇੱਕ ਇਤਿਹਾਸਕ ਰੈਲੀ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਵਿਸ਼ੇਸ਼ ਲਗਾਉ ਹੈ ਅਤੇ ਉਨ੍ਹਾਂ ਦਾ ਇਹ ਪਿਆਰ ਪੰਜਾਬ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਪੰਜਾਬ ਨੂੰ ਉਸਦੀ ਗੁਆਚੀ ਹੋਈ ਸ਼ਾਨ ਵਾਪਸ ਦਿਵਾਉਣ ਲਈ ਨਿਸ਼ਚਤ ਰੂਪ ਵਿੱਚ ਇੱਕ ਰੋਡਮੈਪ ਦੇਵੇਗਾ। ਇਸ ਮੌਕੇ ਮੀਟਿੰਗ ਨੂੰ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ, ਭਾਜਪਾ ਸੈੱਲ ਦੇ ਸੂਬਾਈ ਸਹਿ-ਇੰਚਾਰਜ ਰਾਕੇਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾI