ਜੰਮੂ (ਕੇਸਰੀ ਨਿਊਜ਼ ਨੈੱਟਵਰਕ)- ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਤੜਕਸਾਰ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਮਚੀ ਭਗਦੜ ‘ਚ 12 ਲੋਕਾਂ ਦੀ ਮੌਤ ਹੋਣ ਦੀ ਦੁੱਖਦਾਈ ਖ਼ਬਰ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੀ ਪੁਲਿਸ ਨੇ ਦੱਸਿਆ ਕਿ ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਸਥਿਤੀ ਕਾਬੂ ਹੇਠ ਹੈ।
ਭਗਦੜ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੇਂ ਸਾਲ ਦੇ ਮੌਕੇ ‘ਤੇ ਮਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪੁੱਜੇ ਹੋਏ ਸਨ। ਇਸ ਦੌਰਾਨ ਭਗਦੜ ਮੱਚ ਗਈ। ਇਸ ਕਾਰਨ ਕਈ ਸ਼ਰਧਾਲੂ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਪਰਤ ਰਹੇ ਹਨ। ਮਰਨ ਵਾਲਿਆਂ ਵਿੱਚ ਦਿੱਲੀ, ਹਰਿਆਣਾ, ਪੰਜਾਬ ਦੇ ਸ਼ਰਧਾਲੂ ਸ਼ਾਮਲ ਹਨ।
ਬਲਾਕ ਮੈਡੀਕਲ ਅਫਸਰ ਡਾ: ਗੋਪਾਲ ਦੱਤ ਨੇ ਕਿਹਾ, “ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਭਗਦੜ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਅਜੇ ਤੱਕ ਸਹੀ ਅੰਕੜਾ ਸਾਹਮਣੇ ਨਹੀਂ ਆਇਆ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਜ਼ਖਮੀਆਂ ਨੂੰ ਇਲਾਜ ਲਈ ਨਰਾਇਣਾ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ, ਹੁਣ ਤੱਕ 14 ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 2:45 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ‘ਚ ਪਤਾ ਲੱਗਾ ਹੈ ਕਿ ਕੁਝ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਹੱਥੋਪਾਈ ਦੀ ਸਥਿਤੀ ਬਣ ਗਈ। ਇਸ ਤੋਂ ਬਾਅਦ ਲੋਕ ਭੱਜਣ ਲੱਗੇ, ਜਿਸ ਕਾਰਨ ਇਹ ਹਾਦਸਾ ਵਾਪਰਿਆ।