You are currently viewing ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਬਾਅਦ ਲੱਗ ਜਾਵੇਗਾ ਚੋਣ ਜ਼ਾਬਤਾ ਇਹ ਰਹਿਣਗੇ ਪੰਜਾਬ ਲਈ ਵੱਡੇ ਐਲਾਨ
ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਤਸਵੀਰ

ਮੋਦੀ ਦੀ ਫਿਰੋਜ਼ਪੁਰ ਰੈਲੀ ਤੋਂ ਬਾਅਦ ਲੱਗ ਜਾਵੇਗਾ ਚੋਣ ਜ਼ਾਬਤਾ ਇਹ ਰਹਿਣਗੇ ਪੰਜਾਬ ਲਈ ਵੱਡੇ ਐਲਾਨ

ਚੰਡੀਗੜ, 30 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ 5 ਜਨਵਰੀ ਨੂੰ ਮਾਲਵਾ ਖੇਤਰ ਦੇ ਅਹਿਮ ਸਰਹੱਦੀ ਜਿਲਾ ਫਿਰੋਜ਼ਪੁਰ ਵਿਖੇ ਇਕ ਵਿਸ਼ਾਲ ਜਨਤਕ ਰੈਲੀ ਕਰਕੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਬਿਗੁਲ ਵਜਾਉਣ ਦੀਆਂ ਤਿਆਰੀਆਂ ਤੇਜੀ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਚੰਡੀਗੜ ਪੰਜਾਬ ਨੂੰ ਦਿੱਤੇ ਜਾਣ ਸਬੰਧੀ ਚਲ ਰਹੀਆਂ ਚਰਚਾਵਾਂ ਦੇ ਮੱਦੇਨਜ਼ਰ ਮੋਦੀ ਦੀ ਇਹ ਰੈਲੀ ਸਿਆਸੀ ਹਲਕਿਆਂ ਵਿਚ ਬੇਹੱਦ ਦਿਲਚਸਪੀ ਨਾਲ ਉਡੀਕੀ ਜਾ ਰਹੀ ਹੈ।

ਜਿੱਥੇ ਇਕ ਪਾਸੇ ਭਾਜਪਾ ਦੀ ਕੌਮੀ ਬੁਲਾਰਾ ਅਤੇ ਪੰਜਾਬ ਵਿਧਾਨਸਭਾ ਚੋਣਾ ਲਈ ਮੀਡੀਆ ਇੰਚਾਰਜ ਸ਼ਾਜ਼ੀਆ ਇਲਮੀ ਵਲੋਂ ਜਲੰਧਰ ਵਿਖੇ ਪੁੱਜ ਕੇ ਚੋਣ ਤਿਆਰੀਆਂ ਤੇਜ ਕਰਦੇ ਹੋਏ ਭਾਜਪਾ ਦੀ ਸੂਬਾ ਮੀਡੀਆ ਟੀਮ ਦੀ ਭੂਮਿਕਾ ਦੀ ਅਹਿਮੀਅਤ ਬਾਰੇ ਮੀਟਿੰਗ ਮੀਡੀਆ ਸੈੱਲ ਕਨਵੀਨਰ ਸ਼੍ਰੀਮਤੀ ਜੈਸਮੀਨ ਸੰਧਾਾਲੀਆ, ਸੂਬਾ ਮੀਡੀਆ ਇੰਚਾਰਜ ਜਨਾਰਧਨ ਸ਼ਰਮਾ, ਸੂਬਾਈ ਬੁਲਾਰੇ ਅਨਿਲ ਸਰੀਨ, ਆਦਿ ਨਾਲ ਵੀ ਮੀਟਿੰਗ ਕਰ ਲਈ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੂੰ ਰੈਲੀ ਦਾ ਇੰਚਾਰਜ ਨਿਯੁਕਤ ਕਰਕੇ ਪ੍ਰਬੰਧਾਂ ਦੀ ਵਾਗਡੋਰ ਵੀ ਸੰਭਾਲ ਦਿੱਤੀ ਹੈ।

ਗੱਲ ਕਰੀਏ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੇ ਜਾਣ ਵਾਲੇ ਐਲਾਨਾਂ ਦੀ ਤਾਂ  ਸਭਤੋਂ ਅਹਿਮ ਪੱਖ ਇਸ ਦੂਰਦੁਰਾਡੇ ਸਰਹੱਦੀ ਖੇਤਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਹੋਣਾ ਆਪਣੇ ਆਪ ਵਿਚ ਬਹੁਤ  ਵੱਡੀ ਪ੍ਰਾਪਤੀ ਹੋਵੇਗੀ। ਕਿਉਂਕਿ ਸਮੁੱਚੀ ਮਾਲਵਾ ਬੈਲਟ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋੰ ਪੀੜਤ ਹੋਣ ਕਾਰਨ ਸਿਹਤ ਸਹੂਲਤਾਂ ਦੇ ਮਾਮਲੇ ਵਿਚ ਪੀ.ਜੀ.ਆਈ. ਦੇ ਅਜਿਹੇ ਕੇਂਦਰ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ ਜਦੋਂ ਇਸ ਖੇਤਰ ਨਾਲ ਸਬੰਧਤ ਮਰੀਜ਼ਾਂ ਨੂੰ ਕਈ ਸੌ ਕਿਲੋਮੀਟਰ ਦਾ ਸਫਰ ਤੈਅ ਕਰਕੇ ਚੰਡੀਗੜ ਜਾਂ ਸੰਗਰੂਰ ਵਿਖੇ ਪੁੱਜਣਾ ਪੈਂਦਾ ਸੀ। ਸ਼੍ਰੀ ਮੋਦੀ ਵਲੋਂ ਇਸ ਸਿਹਤ ਕੇੰਦਰ ਦਾ ਉਦਘਾਟਨ ਕੀਤੇ ਜਾਣ ਨਾਲ ਮਰੀਜ਼ਾਂ ਲਈ ਬਹੁਤ ਵੱਡੀ ਰਾਹਤ ਮਿਲੇਗੀ।

ਜੀਵਨ ਗੁਪਤਾ ਭਾਜਪਾ ਪੰਜਾਬ
ਭਾਰਤੀ ਜਨਤਾ ਪਾਰਟੀ ਜਨਰਲ ਸਕੱਤਰ ਪੰਜਾਬ

ਪਰ ਚੰਡੀਗੜ ਪੰਜਾਬ ਨੂੰ ਦਿੱਤੇ ਜਾਣ ਸਬੰਧੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਤੋਂ ਅਨੰਦਪੁਰ ਸਾਹਿਬ ਦਾ ਮਤਾ ਅਤੇ ਸਿੱਖ ਪੰਥ ਨਾਲ ਸਬੰਧਤ ਮੰਗਾਂ ਨੇ ਭਖਣਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ ਪੰਜਾਬ ਨੂੰ ਦੇਣ ਦੀਆਂ ਕਿਸੇ ਤਰਾਂ ਦੀਆਂ ਤਿਆਰੀਆਂ ਨੂੰ ਪੰਜਾਬ ਲਈ ਵੱਡੀ ਗੱਲ ਐਲਾਨ ਕੇ ਇਸ ਮਾਮਲੇ ਨੂੰ ਹੋਰ ਤੂਲ ਦੇ ਦਿੱਤੀ ਹੈ। ਇਹ ਚਰਚਾ ਸਿਆਸੀ ਹਲਕਿਆਂ ਵਿਚ ਵੀ ਚਲ ਰਹੀ ਹੈ ਕਿ ਜੇਕਰ ਚੰਡੀਗੜ ਪੰਜਾਬ ਨੂੰ ਦੇਣ ਵਰਗਾ ਕੋਈ ਐਲਾਨ ਪ੍ਰਧਾਨ ਮੰਤਰੀ ਕਰਨ ਵਿਚ ਦਲੇਰੀ ਦਿਖਾ ਪਾਉਂਦੇ ਹਨ  ਤਾਂ ਭਾਜਪਾ ਲਈ ਪੰਜਾਬੀਆਂ ਦੇ ਮਨਾਂ ਅੰਦਰ ਪੱਕੀ ਥਾਂ ਬਣਾਉਣ ਤੋਂ ਕੋਈ ਨਹੀਂ ਰੋਕ ਸਕੇਗਾ। 

ਪਰ ਇਸ ਦੌਰਾਨ ਪਿਛਲੇ ਦਿਨੀਂ ਸਾਰੀਆਂ 117 ਸੀਟਾਂ ਉੱਪਰ ਗੱਠਜੋੜ ਕਰਕੇ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਗੱਠਜੋੜ ਦੇ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀਆਂ ਸਰਗਰਮੀਆਂ ਅਤੇ ਬਿਆਨ ਕਾਫੀ ਕੁਝ ਸਪੱਸ਼ਟ ਕਰਦੇ ਜਾਪਦੇ ਹਨ। ਹਾਲ ਹੀ ਵਿਚ ਇਕ ਪੰਜਾਬੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਚੰਡੀਗੜ ਤਾਂ ਪੰਜਾਬ ਲਈ ਅਹਿਮ ਹੈ ਪਰ ਉਸ ਤੋਂ ਵੀ ਅਹਿਮ ਪੰਜਾਬ ਦੇ ਪਾਣੀਆਂ, ਪੰਜਾਬ ਦੀ ਕਿਸਾਨੀ ਦਾ ਬੇਤਹਾਸ਼ਾ ਕਰਜ਼ਾ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਹਨ। 

ਇਸ ਲਈ ਬੰਦੀ ਸਿੱਖਾਂ ਦੀ ਰਿਹਾਈ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਫੈਸਲੇ ਉੱਪਰ ਕੋਈ ਐਲਾਨ ਹੋਣ ਦੇ ਨਾਲ ਨਾਲ ਦਰਿਆਈ ਪਾਣੀਆਂ ਅਤੇ ਚੰਡੀਗੜ ਸਮੇਤ ਕਈ ਮਾਮਲਿਆਂ ਨੂੰ ਇਕ ਇਕ ਕਰਕੇ ਹੱਲ ਕਰਦਿਆਂ ਸਿੱਖ ਭਾਈਚਾਰੇ ਨਾਲ ਆਪਣਾ ਪ੍ਰੇਮ ਅਤੇ ਸਨਮਾਨ ਪ੍ਰਗਟ ਕਰਨ ਦੀ ਰਣਨੀਤੀ ਅੱਗੇ ਵਧਾਈ ਜਾ ਸਕਦੀ ਹੈ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ, ਕਾਲੀ ਸੂਚੀ ਖ਼ਤਮ ਕਰਨ, ਸਮੇਤ ਹੇਮਕੁੰਟ ਸਾਹਿਬ ਵਿਖੇ ਰੋਪਵੇ ਆਦਿ ਦੇ ਨਿਰਮਾਣ ਦੇ ਕਾਰਜ ਕਰਕੇ ਪਹਿਲਾਂ ਹੀ ਆਪਣਾ  ਪੰਜਾਬ ਅਤੇ ਸਿੱਖ ਪੰਥ ਹਿਤੈਸ਼ੀ ਹੋਣ ਦਾ ਰੁਝਾਨ ਪ੍ਰਗਟ ਕਰ ਚੁੱਕੀ ਹੈ।

ਇਸ ਦੌਰਾਨ ਭਾਰਤੀ ਚੋਣ ਕਮਿਸ਼ਨਰ ਨੇ ਵੀ ਇਕ ਬਿਆਨ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ 5 ਜਨਵਰੀ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਵੇਗਾ। ਜਿਸਤੋਂ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾ ਦੀ ਹਰ ਪਾਸਿਉਂ ਫੁੱਲ ਤਿਆਰੀ ਹੈ। ਬਸ ਚੋਣ ਮਿਤੀਆਂ ਦਾ ਐਲਾਨ ਹੁੰਦੇ ਸਾਰ ਚਾਰੇ ਪਾਸੇ ਚੋਣ ਸਰਗਰਮੀਆਂ ਦੀ ਘੜਮੱਸ ਦੇਖਣ ਸੁਣਨ ਨੂੰ ਮਿਲਣ ਲੱਗੇਗਾ ਅਤੇ ਪੰਜਾਬ ਵਾਸੀ ਆਪਣੀ ਤਕਦੀਰ ਦਾ ਫੈਸਲਾ ਕਰਨ ਲਈ ਗੰਭੀਰਤਾ ਨਾਲ ਪਾਰਟੀਆਂ ਦੇ ਐਲਾਨਾਂ ਅਤੇ ਕਾਰਵਾਈਆਂ ਨੂੰ ਗਹੁ ਨਾਲ ਦੇਖਣਾ ਸ਼ੁਰੂ ਕਰ ਦੇਣਗੇ।