You are currently viewing ਧਰਮ ਤਬਦੀਲੀ ਖਿਲਾਫ਼ ਇੱਕ ਕਰੋੜ ਦਸਤਖਤਾਂ ਲਈ ਮੁਹਿੰਮ ਦਾ ਐਲਾਨ

ਧਰਮ ਤਬਦੀਲੀ ਖਿਲਾਫ਼ ਇੱਕ ਕਰੋੜ ਦਸਤਖਤਾਂ ਲਈ ਮੁਹਿੰਮ ਦਾ ਐਲਾਨ

ਜਲੰਧਰ  (ਕੇਸਰੀ ਨਿਊਜ਼ ਨੈੱਟਵਰਕ)- ਪ੍ਰੈੱਸ ਕਲੱਬ ਵਿਖੇ ਧਰਮ ਬਚਾਓ ਮੋਰਚਾ-ਪੰਜਾਬ ਦੀ 13 ਮੈਂਬਰੀ ਕੇਂਦਰੀ ਟੀਮ ਵੱਲੋਂ ਧਰਮ ਤਬਦੀਲੀ ਵੱਲ ਸਰਕਾਰ ਦਾ ਧਿਆਨ ਖਿੱਚਣ ਲਈ ਇੱਕ ਦਸਤਖਤ ਮੁਹਿੰਮ ਦਾ ਐਲਾਨ ਕੀਤਾ ਗਿਆ।

ਮੋਰਚੇ ਦੀ ਕੇਂਦਰੀ ਟੀਮ ਵੱਲ਼ੋਂ ਬੁਲਾਰੇ ਵੱਜੋਂ ਪੱਤਰਕਾਰਾਂ ਨਾਲ਼ ਗੱਲ਼ਬਾਤ ਕਰਦਿਆਂ ਅਨੁਪਿੰਦਰ ਸਿੰਘ ਲਾਲੀ ਮੁਲਤਾਨੀ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਰਿਸ਼ੀਆਂ ਦੀ ਧਰਤੀ ਹੈ ਜਿਥੇ ਧਰਮ ਦੀ ਰੱਖਿਆ ਖਾਤਰ ਸਾਡੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿੱਤਾ। ਉਨ੍ਹਾਂ ਦੇ ਪਿਤਾ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਤੋਂ ਲੈ ਕੇ ਛੋਟੇ ਸਾਹਿਬਜਾਦਿਆਂ ਤੱਕ ਸਾਰੇ ਪਰਿਵਾਰ ਨੇ ਸ਼ਹਾਦਤਾਂ ਦੇਣੀਆਂ ਮਨਜ਼ੂਰ ਕੀਤੀਆਂ ਪਰ ਧਰਮ ਨਹੀਂ ਬਦਲਿਆ  ਏਥੋਂ ਤੱਕ ਕਿ ਗੁਰੂ ਘਰ ਦੇ ਸੇਵਾਦਾਰਾਂ ਨੇ ਵੀ ਗੁਰੂ ਮਾਰਗ ਤੇ ਚਲਦਿਆਂ ਹੋਇਆਂ ਧਰਮ ਦੀ ਰੱਖਿਆ ਖਾਤਰ ਕੁਰਬਾਨੀਆਂ ਕੀਤੀਆਂ। ਪਰ ਅੱਜ ਉਨ੍ਹਾਂ ਗੁਰੂਆਂ ਦੀ ਚਰਨਛੋਹ ਪ੍ਰਾਪਤ ਭੂਮੀ ਦੇ ਉੱਪਰ ਪੈਸੇ ਦੇ ਲਾਲਚ ਵਿੱਚ ਵਧ ਰਿਹਾ ਧਰਮ ਪਰਿਵਰਤਨ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

ਲਾਲੀ ਮੁਲਤਾਨੀ ਨੇ ਦੱਸਿਆ ਕਿ ਦਸੰਬਰ ਦਾ ਮਹੀਨਾ ਪੂਰੀ ਮਾਨਵਤਾ ਅਤੇ ਖਾਸਕਰ ਸਿੱਖ ਤੇ ਹਿੰਦੂ ਭਾਈਚਾਰੇ ਲਈ ਬਹਤ ਹੀ ਦਰਦ ਅਤੇ ਸੋਗ ਭਰਿਆ ਹੁੰਦਾ ਹੈ। ਪਰੰਤੂ ਸਾਡੇ ਵਿੱਚੋਂ ਹੀ ਪੈਸੇ ਦੇ ਲਾਲਚ ਵਿੱਚ ਆ ਕੇ ਅਲੱਗ ਹੋਏ ਸਾਡੇ ਆਪਣੇ ਲੋਕ 25 ਦਸੰਬਰ ਦੀਆਂ ਖੁਸ਼ੀਆਂ ਮਨਾ ਰਹੇ ਹੁੰਦੇ ਨੇ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੋ ਕੌਮ ਆਪਣਾ ਇਤਿਹਾਸ ਭੁੱਲ ਜਾਏ ਉਹ ਜਿਆਦਾ ਦੇਰ ਤੱਕ ਸੁਰੱਖਿਅਤ ਨੀ ਰਹਿ ਸਕਦੀ। 

ਅੱਜ ਪੰਜਾਬ ਅੰਦਰ ਜੰਗੀ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਤੇ ਜਗਾ ਜਗਾ ਚਰਚਾਂ ਦੇ ਨਾਮ ਤੇ ਧਰਮ ਪਰਿਵਰਤਨ ਦੀਆਂ ਫੈੱਕਟਰੀਆਂ ਲਾਈਆਂ ਜਾ ਰਹੀਆਂ ਨੇ । ਲੋਕਾਂ ਨੂੰ ਨਾ ਸਿਰਫ ਪੈਸੇ ਦਾ ਲਾਲਚ ਦੇ ਕੇ ਬਲਕਿ ਬਿਮਾਰੀਆਂ ਠੀਕ ਕਰਨ ਦਾ ਬਹਿਕਾਵਾ ਦੇ ਕੇ ਵੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਅੰਦਰ ਵਧਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਚਾਹੇ ਉਹ ਸਿੱਖ ਸਮਾਜ ਨਾਲ਼ ਸੰਬੰਧਿਤ ਹੋਣ ਜਾ ਹਿੰਦੂ ਸਮਾਜ ਦੇ ਦੇਵੀ ਦੇਵਤਿਆਂ ਦੇ ਨਾਲ਼ ਜੋ ਕਿ ਪੰਜਾਬ ਦਾ ਮਾਹੌਲ ਵੱਡੇ ਪੱਧਰ ਤੇ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ ਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਨਾ ਸਾਰੇ ਵਿਸ਼ਿਆਂ ਉੱਪਰ ਸਮਾਜ ਦੀਆਂ ਵੱਖੋ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲ਼ੋਂ ਇਕਜੁੱਟ ਹੋ ਕੇ ਇਕ ਮੋਰਚੇ ਦਾ ਗਠਨ ਕੀਤਾ ਗਿਆ ਹੈ। ਜਿਸਦੀ ਕਿ ਸਾਂਝੇਮਤ ਨਾਲ਼ 13 ਮੈਂਬਰੀ ਕੇਂਦਰੀ ਟੀਮ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਪੰਜਾਬ ਵਿੱਚ ਇਸਦੇ ਪਹਿਲੇ ਕਦਮ ਵੱਜੋਂ ਮੋਰਚੇ ਵੱਲ਼ੋਂ ਇਕ ਦਸਤਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਘੱਟੋ ਘੱਟ 1 ਕਰੋੜ ਪੰਜਾਬ ਵਾਸੀਆਂ ਦੇ ਹਸਤਾਖ਼ਰ ਕਰਵਾ ਕੇ ਸੂਬੇ ਦੇ ਗਵਰਨਰ ਸਾਹਿਬ ਨੂੰ ਦਿੱਤੇ ਜਾਣਗੇ ।  ਇਸ ਰਾਹੀਂ ਇਹ ਮੰਗ ਕੀਤੀ ਜਾਵੇਗੀ ਕਿ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਅਤੇ ਕਰਨ ਵਾਲਿਆਂ ਵਿਰੁੱਧ ਸੰਵਿਧਾਨ ਦੀ ਧਾਰਾ 25-26-27-28 ਅਨੁਸਾਰ ਜੋ ਕਾਨੂੰਨ ਕਰਨਾਟਕ,ਉੜੀਸਾ,ਹਿਮਾਚਲ ਪ੍ਰਦੇਸ਼,ਅਰੁਨਾਚਲ਼,ਮੱਧ ਪਰਦੇਸ਼, ਛੱਤੀਸਗੜ, ਗੁਜਰਾਤ, ਯੂ.ਪੀ,  ਉਤਰਾਖੰਡ  ਦੀਆਂ ਸਰਕਾਰਾਂ ਨੇ ਬਣਾਕੇ ਲਾਗੂ ਕੀਤੇ ਉਹ ਪੰਜਾਬ ਵਿੱਚ ਵੀ ਲਾਗੂ ਕੀਤੇ ਜਾਣ ਅਤੇ ਨਾਲ਼ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਧਾਰਾ 295-A ਦੇ ਨਾਲ਼ ਨਾਲ਼ ਦੇਸ਼ ਧ੍ਰੋਹ ਦੀਆਂ ਧਾਰਾਵਾਂ ਵੀ ਲਾਗੂ ਕੀਤੀਆਂ ਜਾਣ ਤਾਂ ਜੋ ਬੇਅਦਬੀ ਦੇ ਵਧਦੇ ਹੋਏ ਮਾਮਲਿਆਂ ਉੱਪਰ ਠੱਲ਼ ਪਾਈ ਜਾ ਸਕੇ।