You are currently viewing ਇਸ ਦਿਨ ਮੋਦੀ ਕਰ ਦੇਣਗੇ ਚੰਡੀਗੜ੍ਹ ਪੰਜਾਬ ਦੇ ਹਵਾਲੇ?

ਇਸ ਦਿਨ ਮੋਦੀ ਕਰ ਦੇਣਗੇ ਚੰਡੀਗੜ੍ਹ ਪੰਜਾਬ ਦੇ ਹਵਾਲੇ?

ਚੰਡੀਗੜ੍ਹ, 27 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ)-ਭਾਜਪਾ ਨੇ ਪੰਜਾਬ ਦੇ ਕਿਲ੍ਹੇ ਨੂੰ ਫਤਿਹ ਕਰਨ ਲਈ ਵੱਡੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਭਾਜਪਾ ਦਾ ਚੋਣ ਬਿਗਲ ਵਜਾ ਦੇਣਗੇ। ਇਸ ਦੇ ਲਈ ਫਿਰੋਜ਼ਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਉਹ ਸਭ ਤੋਂ ਪਹਿਲਾਂ ਪੀਜੀਆਈ ਦੇ ਸੈਟੇਲਾਈਟ ਵਿੰਗ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਰੈਲੀ ਨੂੰ ਸੰਬੋਧਨ ਕਰਨਗੇ।

ਭਾਜਪਾ ਨੇ ਰੈਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਮਰ ਕੱਸ ਲਈ ਹੈ। ਇਸ ਦੇ ਲਈ ਮੰਗਲਵਾਰ ਨੂੰ ਜਲੰਧਰ ‘ਚ ਸੂਬਾ ਲੀਡਰਸ਼ਿਪ ਦੀ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਸੂਬਾ ਅਤੇ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਪ੍ਰਧਾਨ, 2017 ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ, ਸਾਰੇ ਮੋਰਚਿਆਂ ਦੇ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ, ਲੋਕ ਸਭਾ ਇੰਚਾਰਜ ਅਤੇ ਜ਼ਿਲ੍ਹਾ ਇੰਚਾਰਜਾਂ ਨੂੰ ਬੁਲਾਇਆ ਗਿਆ ਹੈ।

ਪੰਜਾਬ ਵਿੱਚ ਇਸ ਵਾਰ ਭਾਜਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਚੋਣ ਲੜ ਰਹੀ ਹੈ। ਫਿਰੋਜ਼ਪੁਰ ‘ਚ ਹੋਣ ਵਾਲੀ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਦੇ ਮੰਚ ‘ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਢੀਂਡਸਾ ਵੀ ਰੈਲੀ ਦਾ ਹਿੱਸਾ ਹੋਣਗੇ।

ਭਾਜਪਾ ਪਹਿਲੀ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ, ਇਸ ਲਈ ਇੱਥੇ ਭੀੜ ਜੁਟਾਉਣ ਲਈ ਉਨ੍ਹਾਂ ‘ਤੇ ਭਾਰੀ ਦਬਾਅ ਹੋਣਾ ਤੈਅ ਹੈ। ਇਸ ਕਾਰਨ ਸਾਰੇ ਵੱਡੇ ਨੇਤਾਵਾਂ ਨੂੰ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਭਾਜਪਾ ਨੇ ਜਲੰਧਰ ਵਿੱਚ ਸੂਬਾਈ ਚੋਣ ਦਫ਼ਤਰ ਬਣਾਇਆ ਹੈ, ਜਿੱਥੋਂ ਆਪਣੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।

ਚੰਡੀਗੜ੍ਹ ਫਿਰ ਚਰਚਾ ਵਿੱਚ

ਭਾਰਤ ਦੇ ਪ੍ਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਪੰਜਾਬ ਵਿੱਚ ਕੀਤੀ ਜਾਣ ਵਾਲੀ ਇਸ ਪਲੇਠੀ ਰੈਲੀ ਤੋਂ ਪਹਿਲਾਂ ਸਿਆਸੀ ਖੇਮਿਆਂ ਵਿੱਚ ਚੰਡੀਗੜ੍ਹ ਦੇ ਭਵਿੱਖ ਨੂੰ ਲੈ ਕੇ ਮੁੜ ਤੋਂ ਚਰਚਾ ਤੇਜ਼ ਹੋ ਗਈ ਹੈ। ਇਸਦਾ ਕਾਰਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਚੰਡੀਗੜ੍ਹ ਨਿਗਮ ਚੋਣ ਪ੍ਚਾਰ ਦੌਰਾਨ ਇਹ ਗੱਲ ਆਖਣ ਤੋਂ ਹੋ ਗਈ ਸੀ ਕਿ ਭਾਜਪਾ ਚੰਡੀਗੜ੍ਹ ਨੂੰ ਰਾਜਧਾਨੀ ਵਜੋਂ ਪੰਜਾਬ ਦੇ ਹਵਾਲੇ ਕਰਨ ਦੀ ਤਿਆਰੀ ਕਰ ਚੁੱਕੀ ਹੈ। ਹਾਲਾਂਕਿ ਚੰਡੀਗੜ੍ਹ ਭਾਜਪਾ ਅਤੇ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਇਸ ਨੂੰ ਮਹਿਜ਼ ਅਫਵਾਹ ਕਰਾਰ ਦਿੰਦੇ ਹੋਏ ਬਿਆਨ ਦਾਗ਼ ਦਿੱਤੇ ਸਨ। ਪਰ ਹੁਣ ਫਿਰ ਕਨਸੋਆਂ ਹਨ ਕਿ ਭਾਜਪਾ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦੀਆਂ ਸੰਭਾਵਨਾਵਾਂ ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਪਿਛਲੇ ਦਿਨੀ ਭਾਜਪਾ ਦੇ ਐਮਪੀ ਹੰਸ ਰਾਜ ਹੰਸ ਵਲੋਂ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਮੋਦੀ ਵਲੋਂ ਪੰਜਾਬ ਲਈ ਵੱਡੇ ਤੋਹਫ਼ੇ ਦੇਣ ਦੀ ਗੱਲ ਕਰਨ ਅਤੇ ਹੋਰ ਲੀਡਰਸ਼ਿਪ ਵਲੋਂ ਦਿੱਤੇ ਜਾਣ ਵਾਲੇ ਇਸ਼ਾਰਿਆਂ ਕਾਰਣ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਸਮੇਤ ਪੰਜਾਬ ਦੇ ਕਰਜ਼ ਦੀ ਮੁਆਫ਼ੀ ਸਮੇਤ ਕਈ ਅਹਿਮ ਮਾਮਲਿਆਂ ਦੀ ਚਰਚਾ ਜੋਰ ਫੜਨਾ ਸੁਭਾਵਿਕ ਹੀ ਹੈ।

ਸਿਆਸੀ ਮਾਹਰ ਮੰਨਦੇ ਹਨ ਕਿ ਸ਼੍ਰੀ ਨਰਿੰਦਰ ਮੋਦੀ ਪੇਚੀਦਾ ਮਸਲਿਆਂ ਨੂੰ ਹੱਥ ਪਾਉਣ ਦੀ ਮੁਹਾਰਤ ਅਤੇ ਵੱਡੀ ਹਿੰਮਤ ਰੱਖਦੇ ਹਨ। ਇਸ ਲਈ 80ਵਿਆਂ ਵਿੱਚ ਪੰਜਾਬ ਦੇ ਕੇਂਦਰ ਨਾਲ ਸ਼ੁਰੂ ਹੋਏ ਟਕਰਾਅ ਵਿੱਚ ਮੁੱਖ ਭੂਮਿਕਾ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਸੀ ਜਿਸਨੂੰ ਸਿਆਸੀ ਗੁਣਾ ਤਕਸੀਮ ਵਿੱਚ ਉਲਝੀ ਕਾਂਗਰਸ ਦੀ ਤੱਤਕਾਲੀ ਲੀਡਰਸ਼ਿਪ ਹੱਲ ਕਰਨ ਦੀ ਥਾਂ ਲਟਕਾਉਂਦੇ ਜਾਣ ਕਾਰਨ ਅਜਿਹੀਆਂ ਮੰਗਾਂ ਪੰਜਾਬ ਦੇ ਕੇਂਦਰ ਨਾਲ ਪੱਕੇ ਟਕਰਾਅ ਦਾ ਕਾਰਣ ਬਣ ਗਈਆਂ ਸਨ।

ਚਰਚਾ ਤਾਂ ਇਹ ਵੀ ਹੈ ਕਿ ਕਿਸਾਨੀ ਕਰਜ਼ਿਆਂ ਸਮੇਤ ਪੰਜਾਬ ਦੇ ਵਿੱਤੀ ਸੰਕਟ ਨੂੰ ਹੱਲ ਕਰਨ ਦੇ ਪੇਚੀਦਾ ਮਾਮਲੇ ਨੂੰ ਵੀ ਮੋਦੀ ਸਰਕਾਰ ਹੱਥ ਪਾਉਣ ਤੋਂ ਨਹੀਂ ਝਿਜਕੇਗੀ ਕਿਉਂਕਿ ਮੋਦੀ ਸਰਕਾਰ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਦੇਸ਼ ਹਿੱਤ ਵਿੱਚ ਕੁਰਬਾਨੀਆਂ ਅਤੇ ਯੋਗਦਾਨ ਦੇ ਨਾਲ ਨਾਲ ਸਰਹੱਦੀ ਸੂਬੇ ਵਿੱਚ ਸ਼ਾਂਤੀ ਬਹਾਲੀ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਲਈ ਪੰਜਾਬ ਨੂੰ ਭਾਜਪਾ ਕੋਲੋਂ ਵੱਡੀਆਂ ਉਮੀਦਾਂ ਲੱਗ ਰਹੀਆਂ ਹਨ। ਦੇਖਣਾ ਹੋਵੇਗਾ ਕਿ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਕਾਸ਼ ਪੁਰਬ ਆਉਂਦਾ ਹੋਣ ਕਾਰਨ ਸਿੱਖ ਪੰਥ ਲਈ ਕੇਂਦਰ ਵਲੋਂ ਵੱਡੇ ਐਲਾਨ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਖੇਤੀ ਕਾਨੂੰਨਾ ਨੂੰ ਵਾਪਿਸ ਲੈਣ ਵਰਗਾ ਵੱਡਾ ਫੈਸਲਾ ਵੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਮੌਕੇ ਹੀ ਲਿਆ ਗਿਆ ਸੀ।