You are currently viewing ਸਿੱਧੂ ਪਿਛਲੇ ਦਰਵਾਜ਼ੇ ਤੋਂ ਚਲਾ ਰਿਹਾ ਹੈ ਸਰਕਾਰ, ਚੰਨੀ ਸਿਰਫ਼ ਰਬੜ ਦੀ ਮੋਹਰ : ਸੁਭਾਸ਼ ਸ਼ਰਮਾ

ਸਿੱਧੂ ਪਿਛਲੇ ਦਰਵਾਜ਼ੇ ਤੋਂ ਚਲਾ ਰਿਹਾ ਹੈ ਸਰਕਾਰ, ਚੰਨੀ ਸਿਰਫ਼ ਰਬੜ ਦੀ ਮੋਹਰ : ਸੁਭਾਸ਼ ਸ਼ਰਮਾ

ਡੀਜੀਪੀ ਬਦਲਣ ਦੇ ਮਾਮਲੇ ‘ਚ ਭਾਜਪਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ 

 ਚੰਡੀਗੜ੍ਹ, 17 ਦਸੰਬਰ-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਨੂੰ ਮੁੜ ਬਦਲਣ ਲਈ ਕਾਂਗਰਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਹੇਠ ਐਡਵੋਕੇਟ ਜਨਰਲ, ਜਿਨ੍ਹਾਂ ਨੂੰ ਪਹਿਲਾਂ ਚਰਨਜੀਤ ਸਿੰਘ ਚੰਨੀ ਵਲੋਂ ਨਿਯੁਕਤ ਕੀਤਾ ਗਿਆ ਸੀ, ਨੂੰ ਬਦਲ ਦਿੱਤਾ ਗਿਆ ਅਤੇ ਹੁਣ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਥਾਂ ‘ਤੇ ਸਿਧਾਰਥ ਚਟੋਪਾਧਿਆਏ ਨੂੰ ਨਿਯੁਕਤ ਕੀਤਾ ਗਿਆ ਹੈ। ਜਿਸ ਤਰੀਕੇ ਨਾਲ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਨਾਲ ਛੇੜਛਾੜ ਕਰ ਰਹੀ ਹੈ, ਉਹ ਬਹੁਤ ਚਿੰਤਾਜਨਕ ਹੈ।

 ਡਾ: ਸ਼ਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਦਰਵਾਜ਼ੇ ਤੋਂ ਸਰਕਾਰ ਚਲਾ ਰਹੇ ਹਨ ਅਤੇ ਮੁੱਖ ਮੰਤਰੀ ਚੰਨੀ ਸਿਰਫ਼ ਦਿਖਾਵੇ ਲਈ ਰਬੜ ਦੀ ਮੋਹਰ ਬਣ ਕੇ ਰਹਿ ਗਏ ਹਨ | ਕਾਂਗਰਸ ਨੇ ਆਪਣੇ ਇਰਾਦੇ ਸਪੱਸ਼ਟ ਤੌਰ ‘ਤੇ ਪ੍ਰਗਟ ਕਰ ਦਿੱਤੇ ਹਨ ਤੇ ਚੋਣ ਕਮੇਟੀ ਦੀ ਕਮਾਨ ਵੀ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਗਈ ਹੈ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਹੁਣ ਕਾਂਗਰਸ ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਸਿੰਘ ਚੰਨੀ ਦਾ ਚਿਹਰਾ ਦੁਬਾਰਾ ਪੇਸ਼ ਕਰਨ ਦਾ ਇਰਾਦਾ ਨਹੀਂ ਰੱਖਦੀ। ਅਜਿਹੇ ਦਬਾਅ ਹੇਠ ਡੀਜੀਪੀ ਦੀ ਬਦਲੀ ਨਾ ਸਿਰਫ਼ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਹੈ ਸਗੋਂ ਦੇਸ਼ ਦੀ ਸੰਵਿਧਾਨਕ ਪ੍ਰਕਿਰਿਆ ਦਾ ਵੀ ਅਪਮਾਨ ਹੈ।