You are currently viewing ਕਾਂਗਰਸ ਵਲੋਂ ਮੰਡੀ ਨੂੰ ਚੋਣ ਅਖਾੜਾ ਬਣਾਉਣ ਨਾਲ ਸਿਆਸੀ ਪਾਰਾ ਚੜਿਆ

ਕਾਂਗਰਸ ਵਲੋਂ ਮੰਡੀ ਨੂੰ ਚੋਣ ਅਖਾੜਾ ਬਣਾਉਣ ਨਾਲ ਸਿਆਸੀ ਪਾਰਾ ਚੜਿਆ

ਆੜਤੀ ਕਰਨ ਸਵਾਲ-ਚੰਨੀ ਦੀ ਰੈਲੀ ਕਾਰਨ ਇੱਕ ਦਿਨ ਲਈ ਕਿਉਂ ਬੰਦ ਰੱਖੀ ਪ੍ਰਤਾਪਪੁਰਾ ਨਵੀਂ ਸਬਜ਼ੀ ਮੰਡੀ? 

ਸਰਕਾਰ ਦਾ ਕਿਸਾਨ ਵਿਰੋਧੀ ਵਤੀਰਾ ਅਸਹਿਣਯੋਗ-ਸੁਭਾਸ਼ ਸ਼ਰਮਾ

ਜਲੰਧਰ, 16 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ) ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਸੂਬੇ ਭਰ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਅਤੇ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰੈਲੀਆਂ ਕਰਨ ਲਈ ਬਾਜ਼ਾਰਾਂ ਨੂੰ ਤਾਂ ਨਿਸ਼ਾਨਾ ਬਣਾਇਆ ਹੀ ਜਾ ਰਿਹਾ ਹੈ। ਪਰ ਆਪਣੀਆਂ ਸਿਆਸੀ ਲਾਲਸਾਵਾਂ ਦੀ ਪੂਰਤੀ ਲਈ ਸੱਤਾਧਾਰੀ ਕਾਂਗਰਸ ਪਾਰਟੀ ਵਲੋਂ ਕਿਸਾਨ ਵੀਰਾਂ ਦੇ ਮੁੱਖ ਸਰਗਰਮੀ ਕੇਂਦਰ ਮੰਡੀਆਂ ਨੂੰ ਬੰਦ ਕਰਵਾਏ ਜਾਣ ਦੀ ਨੌਬਤ ਆ ਗਈ ਹੈ। ਸੁਰੱਖਿਆ  ਦੀ ਆੜ ਹੇਠ ਕਿਸਾਨਾਂ ਅਤੇ ਆੜਤੀਆਂ ਦੇ ਰੋਜਗਾਰ ਨੂੰ ਲੱਤ ਮਾਰਨ ਤੋਂ ਵੀ ਪਰਹੇਜ ਨਹੀਂ ਕੀਤਾ ਜਾ ਰਿਹਾ।

ਅਜਿਹਾ ਹੀ ਜਲੰਧਰ ਦੀ ਪਰਤਾਪ ਪੁਰਾ ਸਬਜੀ ਮੰਡੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ 17 ਦਸੰਬਰ ਦਿਨ ਸ਼ੁੱਕਰਵਾਰ ਨੂੰ ਪ੍ਰਤਾਪਪੁਰਾ ਨਵੀਂ ਸਬਜ਼ੀ ਮੰਡੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੋ ਰਹੀ ਰੈਲੀ ਕਾਰਨ ਮਾਰਕੀਟ ਕਮੇਟੀ ਪ੍ਰਤਾਪਪੁਰਾ ਨਵੀਂ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੂੰ ਆਪਣਾ ਮਾਲ ਚੁੱਕਣ ਲਈ ਕਹਿ ਰਹੀ ਹੈ। ਸਾਰੇ ਆੜ੍ਹਤੀ ਆਪਣਾ ਸਾਮਾਨ ਪੈਕ ਕਰਨ ‘ਚ ਲੱਗੇ ਹੋਏ ਹਨ, ਜਦੋਂਕਿ ਮੁੱਖ ਮੰਤਰੀ ਦੀ ਰੈਲੀ ਦੀ ਤਿਆਰੀ ਕਰ ਰਹੇ ਜ਼ਿਲ੍ਹਾ ਪ੍ਰਸ਼ਾਸਨ ਨੇ ਆੜ੍ਹਤੀ ਵਰਗ ਨਾਲ ਕੋਈ ਮੀਟਿੰਗ ਤਕ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਬਾਜ਼ਾਰ ਬੰਦ ਕਰਨ ਲਈ ਕੋਈ ਨੋਟਿਸ ਜਾਰੀ ਕੀਤਾ ਗਿਆ। ਆੜਤੀ ਐਸੋਸੀਏਸ਼ਨ ਨਿਊ ਸਬਜ਼ੀ ਮੰਡੀ ਪ੍ਰਤਾਪਪੁਰਾ ਨੇ ਆਪਸੀ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਜੇਕਰ ਮੁੱਖ ਮੰਤਰੀ ਨੇ ਕਾਰੋਬਾਰ ਬੰਦ ਕਰਕੇ ਹੀ ਮੰਡੀ ਵਿੱਚ ਆਉਣਾ ਹੈ ਤਾਂ ਉਹ ਸਾਰੇ ਕੱਲ੍ਹ ਨੂੰ ਬਾਜ਼ਾਰ ਬੰਦ ਰੱਖ ਕੇ ਛੁੱਟੀ ਮਨਾਉਣਗੇ। ਮੰਡੀ ਵਿੱਚ ਰੈਲੀ ਕਰਕੇ ਟੈਂਟ ਲਗਾਉਣ ਲਈ ਨਵੇਂ ਬਣੇ ਫਰਸ਼ਾਂ ਨੂੰ ਪੁੱਟਿਆ ਜਾ ਰਿਹਾ ਹੈ  ਜਿਸ ਨਾਲ ਮੰਡੀ ਦੇ ਸਾਫ ਸਫਾਈ ਪ੍ਰਬੰਧਾਂ ਵਿੱਚ ਨਵੀ ਪਰੇਸ਼ਾਨੀ ਪੈਦਾ ਹੋਵੇਗੀ।

ਇਸ ਮਾਮਲੇ ਵਿੱਚ ਆਪਣਾ ਪ੍ਤੀਕਰਮ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਚੰਨੀ ਸਰਕਾਰ ਦੀ ਇਸ ਕਿਸਾਨ ਵਿਰੋਧੀ ਕਾਰਵਾਈ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦੇ ਹੋਏ ਸਰਕਾਰ ਦੇ ਅਜਿਹੇ ਵਤੀਰੇ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਅਜਿਹਾ ਤਾਨਾਸ਼ਾਹੀ ਵਤੀਰਾ ਅਸਹਿਣਯੋਗ ਹੈ।