You are currently viewing ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਮਿਲਿਆ ਫਾਂਸੀ ਘਰ

ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਮਿਲਿਆ ਫਾਂਸੀ ਘਰ

ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)-ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਦਾਅਵਾ ਕੀਤਾ ਹੈ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਇੱਕ ਫਾਂਸੀ ਘਰ ਮਿਲਿਆ ਹੈ। ਸਪੀਕਰ ਦਾ ਦਾਅਵਾ ਹੈ ਕਿ ਅਸੈਂਬਲੀ ਵਿੱਚ ਕੰਧ ਤੋੜਨ ਤੋਂ ਬਾਅਦ ਇੱਕ ਅਜਿਹੀ ਥਾਂ ਦਿਖਾਈ ਦਿੱਤੀ ਜਿੱਥੇ ਅੰਗਰੇਜ਼ਾਂ ਦੇ ਦੌਰ ਵਿੱਚ ਕ੍ਰਾਂਤੀਕਾਰੀਆਂ ਨੂੰ ਫਾਂਸੀ ਦਿੱਤੀ ਜਾਂਦੀ ਸੀ। ਫਿਲਹਾਲ ਜਾਂਚ ਲਈ ਭਾਰਤ ਦੇ ਪੁਰਾਤੱਤਵ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ।

ਇੱਕ ਰਾਸ਼ਟਰੀ ਚੈਨਲ ਦੀ ਰਿਪੋਰਟ ਅਨੁਸਾਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਜਿਸ ਇਮਾਰਤ ‘ਚ ਫਾਂਸੀ ਦਾ ਘਰ ਮਿਲਿਆ ਹੈ, ਉਹ ਦੋ ਮੰਜ਼ਿਲਾ ਇਮਾਰਤ ਹੈ, ਅਤੇ ਕੰਧ ਤੱਕ ਪਹੁੰਚਣ ਲਈ ਜਿੱਥੋਂ ਫਾਂਸੀ ਵਾਲਾ ਘਰ ਦੇਖਿਆ ਗਿਆ ਹੈ, ਬਹੁਤ ਪੁਰਾਣੀਆਂ ਲੱਕੜ ਦੀਆਂ ਪੌੜੀਆਂ ਦੀ ਵਰਤੋਂ ਕਰਨੀ ਪੈਂਦੀ ਹੈ।

ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਇੱਕ ਸੁਰੰਗ ਵੀ ਮਿਲ ਚੁੱਕੀ ਹੈ।ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਮੁਤਾਬਕ ਵਿਧਾਨ ਸਭਾ ਕੰਪਲੈਕਸ ਦਾ ਇੱਕ ਦਰਵਾਜ਼ਾ ਲੰਬੇ ਸਮੇਂ ਤੋਂ ਬੰਦ ਸੀ। ਇਸ ਨੂੰ ਤਿੰਨ ਸਾਲ ਪਹਿਲਾਂ ਖੋਲ੍ਹਿਆ ਗਿਆ ਸੀ, ਜਿੱਥੇ ਫਾਂਸੀ ਦਾ ਕਮਰਾ ਮਿਲਿਆ ਹੈ, ਉੱਥੇ ਇਸ ਦੇ ਹੇਠਾਂ ਜ਼ਮੀਨ ‘ਤੇ ਇਸ ਸਮੇਂ ਬਾਥਰੂਮ ਬਣਿਆ ਹੋਇਆ ਹੈ, ਜਿਸ ਨੂੰ ਹੁਣ ਬੰਦ ਕਰ ਦਿੱਤਾ ਜਾਵੇਗਾ। ਇਸ ਵੇਲੇ ਸੈਲਾਨੀਆਂ ਲਈ ਦਿੱਲੀ ਵਿਧਾਨ ਸਭਾ ਦੇ ਫਾਂਸੀ ਘਰ ਨੂੰ ਸ਼ੁਰੂ ਕਰਨ ਦਾ ਵਿਚਾਰ ਚੱਲ ਰਿਹਾ ਹੈ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਸ਼ੀਸ਼ਿਆਂ ਵਾਲੀ ਲਿਫਟ ਲਗਾਈ ਜਾਵੇਗੀ ਤਾਂ ਜੋ ਆਮ ਲੋਕ ਫਾਂਸੀ ਘਰ ਨੂੰ ਦੇਖ ਸਕਣ। ਸਪੀਕਰ ਨੇ ਕਿਹਾ ਕਿ ਫਾਂਸੀ ਘਰ ਨੂੰ ਲੱਭਣ ਲਈ ਪਿਛਲੇ ਕਈ ਮਹੀਨਿਆਂ ਤੋਂ ਯਤਨ ਜਾਰੀ ਸਨ। ਹਾਲਾਂਕਿ, ਕੋਰੋਨਾ ਕਾਰਨ ਦੇਰੀ ਹੋਈ ਸੀ।

ਰਾਮ ਨਿਵਾਸ ਗੋਇਲ ਨੇ ਦੱਸਿਆ ਕਿ 1912 ਵਿੱਚ ਜਦੋਂ ਕੋਲਕਾਤਾ ਤੋਂ ਬਾਅਦ ਦਿੱਲੀ ਨੂੰ ਰਾਜਧਾਨੀ ਬਣਾਇਆ ਗਿਆ ਤਾਂ ਦਿੱਲੀ ਵਿਧਾਨ ਸਭਾ ਲੋਕ ਸਭਾ ਹੁੰਦੀ ਸੀ। ਜਦੋਂ 1926 ਵਿੱਚ ਲੋਕ ਸਭਾ ਇੱਥੋਂ ਚਲੀ ਗਈ ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਥਾਂ ਨੂੰ ਅਦਾਲਤ ਵਿੱਚ ਤਬਦੀਲ ਕਰ ਦਿੱਤਾ। ਫਿਰ ਲਾਲ ਕਿਲ੍ਹੇ ਤੋਂ ਕ੍ਰਾਂਤੀਕਾਰੀਆਂ ਨੂੰ ਸੁਰੰਗ ਰਾਹੀਂ ਇੱਥੇ ਲਿਆਂਦਾ ਜਾਂਦਾ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ।