You are currently viewing ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ) -ਸ੍ਰੀ  ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪ੍ਰਕਾਸ਼  ਉਤਸਵ ਨੂੰ ਸਮਰਪਿਤ ਖੂਨਦਾਨ ਕੈਂਪ ਵਿਰਸਾ ਸੰਭਾਲ ਮੰਚ, ਜਲੰਧਰ ਵੱਲੋਂ ਲਾਲੀ ਮੋਟਰਸ ਵਿਖੇ ਲਗਾਇਆ ਗਿਆ।  ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਖੂਨਦਾਨ ਕੈਂਪ ਦਾ ਉਦਘਾਟਨ ਪਦਮਸ਼੍ਰੀ ਬੀਬੀ ਪ੍ਰਕਾਸ਼ ਕੌਰ ਜੀ ਨੇ ਕੀਤਾ। 

                     ਬੀਬੀ ਪ੍ਰਕਾਸ਼ ਕੌਰ ਜੀ ਨੇ ਇਸ ਮੌਕੇ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਦਾ ਬਲੀਦਾਨ ਸਮੁੱਚੇ ਵਿਸ਼ਵ ਅਤੇ ਸਮੁੱਚੀ ਮਾਨਵਤਾ ਲਈ ਸਦੀਵੀਂ ਪ੍ਰੇਰਣਾਦਾਇਕ ਹੈ। ਇਸ ਪਵਿੱਤਰ ਮੌਕੇ ਤੇ ਵਿਰਸਾ ਸੰਭਾਲ ਮੰਚ  ਵੱਲੋਂ ਕੀਤਾ ਗਿਆ ਖੂਨਦਾਨ ਕੈਂਪ ਦਾ ਉਪਰਾਲਾ ਸ਼ਲਾਘਾਯੋਗ ਹੈ। ਅੱਜ ਖੂਨ ਦਾਨ ਕਰਨ ਦਾ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਭਾਰਤ ਸਮੇਤ ਦੁਨੀਆਂ ਦੇ ਅਨੇਕਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਦੀ ਬਿਮਾਰੀ ਤੋਂ ਪੀੜਤ ਮਰੀਜ਼ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਉਨਾਂ ਵਿੱਚੋਂ ਅਨੇਕਾਂ ਨੂੰ ਖੂਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਖੂਨਦਾਨੀਆਂ ਦੇ ਛੋਟੇ ਜਿਹੇ ਯੋਗਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਖਾਸ ਤੌਰ ਤੇ ਥੈਲਾਸੀਮੀਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜ਼ਾ, ਦੁਰਘਟਨਾ ਗ੍ਰਸਤ ਹੋਏ ਵਿਅਕਤੀਆਂ ਅਤੇ ਅਪ੍ਰੇੇਸ਼ਨ ਦੀ ਮੇਜ਼ ‘ਤੇ ਪਏ ਮਰੀਜ਼ਾ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੂਨਦਾਨ ਜਿਹੀ ਮਾਨਵਤਾ ਦੀ ਸੇਵਾ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। 

               ਵਿਰਸਾ ਸੰਭਾਲ ਮੰਚ ਪੰਜਾਬ ਦੇ ਸਕੱਤਰ ਜਸਵਿੰਦਰ ਸਿੰਘ ਲਾਲੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਲਗਾਏ ਗਏ ਇਸ ਖੂਨਦਾਨ ਕੈਂਪ ਦੀ ਪ੍ਰਧਾਨਗੀ ਅਮ੍ਰਿਤਪਾਲ ਸਿੰਘ ਨੇ ਕੀਤੀ ਅਤੇ ਖੂਨਦਾਨੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਰਸਾ ਸੰਭਾਲ ਮੰਚ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਵਿਵੇਕ ਜੀ ਅਤੇ ਮਹਾਂਮੰਤਰੀ ਸ਼੍ਰੀ ਅਮਰਦੀਪ ਜੌਲੀ ਉਚੇਚੇ ਤੌਰ ਤੇ ਪਹੁੰਚੇ।

ਇਸ ਮੌਕੇ ਸ ਜਸਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਵਿਰਸਾ ਸੰਭਾਲ ਮੰਚ ਵੱਲੋਂ ਇਹੋ ਜਿਹੇ ਉਪਰਾਲੇ ਅਗਾਂਹ ਵੀ ਕੀਤੇ ਜਾਂਦੇ ਰਹਿਣਗੇ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਵਿਰਸਾ ਸੰਭਾਲ ਮੰਚ ਵੱਲੋਂ ਖੂਨਦਾਨ ਕੈਂਪ ਲਗਾਏ ਜਾਣਗੇ ਅਤੇ ਜਰੂਰਤਮੰਦਾਂ ਨੂੰ ਖੂਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਨੌਜਵਾਨਾਂ ਦੁਆਰਾ 50 ਯੂਨਿਟ ਖੂਨ ਦਾਨ ਕੀਤਾ ਗਿਆ।