ਪੰਜਾਬ ਵਿੱਚ ਫੁੱਟ ਪਾਊ ਸਾਜਿਸ਼ਾਂ ਨੂੰ ਹੱਲਾਸੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ: ਚੰਨੀ

ਪੰਜਾਬ ਵਿੱਚ ਫੁੱਟ ਪਾਊ ਸਾਜਿਸ਼ਾਂ ਨੂੰ ਹੱਲਾਸੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ: ਚੰਨੀ
ਚੰਡੀਗੜ, 5 ਦਸੰਬਰ (ਕੇਸਰੀ ਨਿਊਜ਼ ਨੈੱਟਵਰਕ) -ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਪਣੇ ਵੰਡ-ਪਾਊ ਏਜੰਡੇ ਦੀ ਪੂਰਤੀ ਲਈ ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਖਾਲੀ ਹੋਈ ਜਗਾ ਨੂੰ ਭਰਨ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭ ਲਏ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਵੱਲੋਂ ਕੀਤੇ ਖੁਲਾਸੇ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਅਤੇ ਵੱਖ ਹੋਏ ਅਕਾਲੀ ਧੜੇ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਨੂੰ ਅੰਤਿਮ ਰੂਪ ਦੇ ਰਹੀ ਹੈ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਜੋਰ ਦੇ ਕੇ ਕਿਹਾ, “ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਭਾਰਤੀ ਜਨਤਾ ਪਾਰਟੀ ਦੇ ਵੰਡ-ਪਾਊ ਏਜੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਭਾਵ ਨੂੰ 2019 ਵਿੱਚ ਪੂਰੀ ਤਰਾਂ ਰੱਦ ਕਰ ਦਿੱਤਾ ਸੀ। ਭਾਜਪਾ ਨੇ ਆਪਣੇ ਕਿਸਾਨ ਵਿਰੋਧੀ ਏਜੰਡੇ ਵਿੱਚ ਅਕਾਲੀ ਦਲ ਦੀ ਵਰਤੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਲਈ ਕੀਤੀ, ਜਿਨਾਂ ਨੂੰ ਰੱਦ ਕਰਨ ਲਈ ਧਰਮ ਨਿਰਪੱਖ ਕਿਸਾਨ ਸੰਘਰਸ ਨੇ ਮੋਦੀ ਨੂੰ ਮਜਬੂਰ ਕਰ ਦਿੱਤਾ। ਸ੍ਰੋਮਣੀ ਅਕਾਲੀ ਦਲ ਨੇ ਇਨਾਂ ਕਾਨੂੰਨਾਂ ਦਾ ਜੋਰਦਾਰ ਸਮਰਥਨ ਕੀਤਾ ਸੀ। ਹੁਣ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਪਾਕ ਲੋਕ ਵਿਰੋਧੀ ਮਨਸੂਬਿਆਂ ਨੂੰ ਲਾਗੂ ਕਰਨ ਲਈ ਇਸ ਦੇ ਪੱਕੇ ਏਜੰਟ ਵਜੋਂ ਕੰਮ ਕਰ ਰਹੇ ਹਨ।“
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਮੂਲ ਸੰਸਥਾ ਆਰ.ਐਸ.ਐਸ. ਦੀ ਮਦਦ ਕਰਨ ਅਤੇ ਇਸ ਦੇ ਪੰਜਾਬ ਵਿੱਚ ਪੈਰ ਪਸਾਰਨ ਲਈ ਅਕਾਲੀ ਦਲ ਨੇ ਭਾਜਪਾ ਦੇ ਮੋਹਰੀ ਵਜੋਂ ਕੰਮ ਕਰਦਾ ਰਿਹਾ ਅਤੇ ਆਰ.ਐਸ.ਐਸ. ਵੱਲੋਂ ਸਿੱਖ ਇਤਿਹਾਸ ਅਤੇ ਵਿਚਾਰਧਾਰਾ ਨੂੰ ਵੀ ਵਿਗਾੜਨ ਦੀ ਹੱਦ ਤੱਕ ਕੋਸ਼ਿਸ਼ ਕੀਤੀ ਗਈ ਅਤੇ ਇਸ ਸੰਸਥਾ ਵੱਲੋਂ ਇੱਕ ਦਹਾਕਾ ਪਹਿਲਾਂ ਛਾਪਿਆ ਗਿਆ ਸਾਹਿਤ ਇਸ ਦੇ ਉਸੇ ਏਜੰਡੇ ਦਾ ਸਬੂਤ ਹੈ। ਅਕਾਲੀ ਦਲ ਨੇ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ।
ਚੰਨੀ ਨੇ ਕਿਹਾ ਕਿ ਅਕਾਲੀ ਦਲ ਨੇ ਦਹਾਕਿਆਂ ਤੋਂ ਸੰਘੀ ਢਾਂਚੇ ਦੇ ਹਮਾਇਤੀ ਹੋਣ ਦੇ ਬਾਵਜੂਦ ਭਾਜਪਾ ਦੀਆਂ ਕੇਂਦਰੀਕਰਨ ਅਤੇ ਸੱਭਿਆਚਾਰਕ ਸਮਰੂਪਤਾ ਦੀਆਂ ਨੀਤੀਆਂ ਨੂੰ ਪੂਰਾ ਸਮਰਥਨ ਦਿੱਤਾ। ਪੰਜਾਬ ਦੇ ਹਿੱਤ ਪਹਿਲਾਂ ਅਕਾਲੀ ਦਲ ਵੱਲੋਂ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਭਾਜਪਾ ਕੋਲ ਗਿਰਵੀ ਰੱਖੇ ਗਏ, ਜਿਨਾਂ 1996 ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ, ਜੋ ਸਿਰਫ 13 ਦਿਨ ਚੱਲੀ ਸੀ, ਬਣਾਉਣ ਵਾਸਤੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸਰਤ ਸਮਰਥਨ ਦੇ ਕੇ ਇਸ ਗਠਜੋੜ ਲਈ ਰਾਹ ਪੱਧਰਾ ਕੀਤਾ ਸੀ। ਬਾਦਲ ਨੇ ਬਿਨਾਂ ਸਰਤ ਸਮਰਥਨ ਦੇ ਕੇ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਇਸ ਤਰਾਂ ਕਰਕੇ ਬਾਦਲ ਨੇ ਪੰਜਾਬ ਦਾ ਸੌਦਾ ਹੀ ਕੀਤਾ ਸੀ।
ਉਨਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ, ਜੋ ਮੁੱਖ ਮੰਤਰੀ ਹੁੰਦਿਆਂ ਅਹਿਮ ਮੁੱਦਿਆਂ ‘ਤੇ ਮੋਦੀ ਸਰਕਾਰ ਦਾ ਬਚਾਅ ਕਰਨ ਅਤੇ ਲੋਕ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੂਰੀ ਤਰਾਂ ਸਰਗਰਮ ਰਹੇ, ਹੁਣ ਇਸ ਖਤਰਨਾਕ ਭੂਮਿਕਾ ਨੂੰ ਨਿਭਾਉਣ ਲਈ ਤਿਆਰ-ਬਰ-ਤਿਆਰ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਤੱਕ ਭਾਜਪਾ ਦੀ ਹਰ ਤਰਾਂ ਨਾਲ ਮਦਦ ਕਰਨ ਲਈ ਨਿਭਾਈ ਗਈ ਭੂਮਿਕਾ ਨੂੰ ਦੇਖਦੇ ਹੋਏ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਭਾਜਪਾ ਦੇ ਸਹਿਯੋਗੀ ਵਜੋਂ ਸ੍ਰੋਮਣੀ ਅਕਾਲੀ ਦਲ ਦਾ ਬਦਲ ਬਨਣਗੇ।