You are currently viewing ਨਾਮੀ ਕੇਬਲ ਅਤੇ ਟਰਾਂਸਪੋਰਟ ਕੰਪਨੀ ਉੱਪਰ ਈਡੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦੀ ਛਾਪੇਮਾਰੀ
ਅਪਰੈਲ ਮਹੀਨੇ ਦੌਰਾਨ ਟੈਕਸ ਚੋਰਾਂ ਨੂੰ ਭਾਰੀ ਜ਼ੁਰਮਾਨੇ

ਨਾਮੀ ਕੇਬਲ ਅਤੇ ਟਰਾਂਸਪੋਰਟ ਕੰਪਨੀ ਉੱਪਰ ਈਡੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦੀ ਛਾਪੇਮਾਰੀ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਨਾਮੀ ਕੇਬਲ ਅਤੇ ਟਰਾਂਸਪੋਰਟ ਕੰਪਨੀ ਉੱਪਰ ਕੇਂਦਰੀ ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਵੀ ਛਾਪੇਮਾਰੀ ਕੀਤੀ ਹੈ। ਵੀਰਵਾਰ ਨੂੰ ਸਵੇਰੇ ਈਡੀ ਦੀਆਂ ਟੀਮਾਂ ਪਹੁੰਚੀਆਂ ਸਨ ਅਤੇ ਦੇਰ ਸ਼ਾਮ ਤਕ ਕਈ ਟਿਕਾਣਿਆਂ ’ਤੇ ਕਾਰਵਾਈ ਪੂਰੀ ਕਰਕੇ ਵਾਪਸ ਪਰਤ ਗਈਆਂ ।

ਹੁਣ ਇਨਕਮ ਟੈਕਸ ਦੀਆਂ ਟੀਮਾਂ ਵਲੋਂ ਕੈਂਪਸ ’ਤੇ ਰੇਡ ਕਰਕੇ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਫਾਸਟਵੇਅ ਕੇਬਲ ਨੈਟਵਰਕ ਤੇ ਜੁਝਾਰ ਟਰਾਂਸਪੋਰਟ ਉੱਪਰ ਇਹ ਕਾਰਵਾਈ ਲੁਧਿਆਣਾ ਸਣੇ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿਚ ਕੀਤੀ ਗਈ ਹੈ। ਪੰਜਾਬ ਭਰ ਵਿਚ ਇਹ ਛਾਪੇ ਵੱਡੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਸ ਛਾਪੇਮਾਰੀ ਬਾਰੇ ਪੂਰੀ ਗੋਪਨੀਅਤਾ ਰੱਖੀ ਜਾ ਰਹੀ ਹੈ ਅਤੇ ਕੋਈ ਵੀ ਅਧਿਕਾਰੀ ਇਸ ਬਾਰੇ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਟੀਮਾਂ ਵੱਲੋਂ ਕੰਪਨੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋ ਕੇਂਦਰੀ ਏਜੰਸੀਆਂ ਵੱਲੋਂ ਇੱਕੋ ਥਾਂ ’ਤੇ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਦੇ ਕਈ ਅਰਥ ਕੱਢੇ ਜਾ ਰਹੇ ਹਨ। ਸ਼ਹਿਰ ਦੇ ਵੱਡੇ ਆਗੂ ਅਤੇ ਸਿਆਸਤਦਾਨ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਹੇ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਮੁੱਖ ਮੰਤਰੀ ਚੰਨੀ ਨੇ ਕੇਬਲ ਨੈੱਟਵਰਕ ਨੂੰ ਮਾਫੀਆ ਕਹਿ ਕੇ ਤਿੱਖਾ ਹਮਲਾ ਕੀਤਾ ਹੈ। ਕੁਝ ਦਿਨ ਪਹਿਲਾਂ ਇਨਕਮ ਟੈਕਸ ਦੀ ਟੀਮ ਨੇ ਲੁਧਿਆਣਾ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਸਨਵਿਊ ਕੰਪਨੀ ‘ਤੇ ਵੀ ਛਾਪਾ ਮਾਰਿਆ ਸੀ।

ਈਡੀ ਨੇ ਵੀਰਵਾਰ ਨੂੰ ਚੰਡੀਗੜ੍ਹ, ਮੋਹਾਲੀ ਅਤੇ ਬੰਗਾ ‘ਚ ਵੀ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਈਡੀ ਨੇ ਲੁਧਿਆਣਾ ਦੇ ਨਾਲ-ਨਾਲ ਮੋਹਾਲੀ ਅਤੇ ਬੰਗਾ ‘ਚ ਵੀ ਛਾਪੇਮਾਰੀ ਕੀਤੀ ਸੀ। ਇਹ ਛਾਪੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਸਾਬਕਾ ਚੀਫ ਇੰਜਨੀਅਰ ਐਸਪੀ ਸਿੰਘ ਪਹਿਲਵਾਨ ਨਾਲ ਸਬੰਧਤ ਮਾਮਲੇ ਦੀ ਚੱਲ ਰਹੀ ਜਾਂਚ ਨਾਲ ਸਬੰਧਤ ਹੋ ਸਕਦੇ ਹਨ। ਇਸ ਮਾਮਲੇ ‘ਚ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਨੂੰ ਇਸੇ ਮਾਮਲੇ ਵਿੱਚ ਕਈ ਲੀਡ ਮਿਲੇ ਹਨ ਅਤੇ ਉਸ ਤੋਂ ਬਾਅਦ ਲੁਧਿਆਣਾ ਸਮੇਤ ਮੋਹਾਲੀ, ਬੰਗਾ ਅਤੇ ਚੰਡੀਗੜ੍ਹ ਵਿੱਚ ਕੁਝ ਥਾਵਾਂ ’ਤੇ ਛਾਪੇ ਮਾਰੇ ਗਏ।