You are currently viewing ਮੋਦੀ ਨੇ ਵਿਵਾਦਿਤ ਖੇਤੀ ਕਾਨੂੰਨਾਂ ਦੀ ਸਮਾਪਤੀ ਰਾਹੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਨਵੇਂ ਅਧਿਆਇ ਦੀ ਕੀਤੀ ਸ਼ੁਰੂਆਤ : ਪ੍ਰੋ: ਸਰਚਾਂਦ ਸਿੰਘ    

ਮੋਦੀ ਨੇ ਵਿਵਾਦਿਤ ਖੇਤੀ ਕਾਨੂੰਨਾਂ ਦੀ ਸਮਾਪਤੀ ਰਾਹੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਨਵੇਂ ਅਧਿਆਇ ਦੀ ਕੀਤੀ ਸ਼ੁਰੂਆਤ : ਪ੍ਰੋ: ਸਰਚਾਂਦ ਸਿੰਘ    

ਮੋਦੀ ਨੇ ਵਿਵਾਦਿਤ ਖੇਤੀ ਕਾਨੂੰਨਾਂ ਦੀ ਸਮਾਪਤੀ ਰਾਹੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਦੇ ਨਵੇਂ ਅਧਿਆਇ ਦੀ ਕੀਤੀ ਸ਼ੁਰੂਆਤ : ਪ੍ਰੋ: ਸਰਚਾਂਦ ਸਿੰਘ    

ਅੰਮ੍ਰਿਤਸਰ 22 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਦੇਸ਼ ਅਤੇ ਸਮਾਜ ਦੇ ਹਿਤ ’ਚ ਲਿਆ ਗਿਆ ਫ਼ੈਸਲਾ ਕਰਾਰ ਦਿੰਦਿਆਂ ਫੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨੀ ਅਤੇ ਕੇਂਦਰ ਸਰਕਾਰ ਦਰਮਿਆਨ ਪਿਆ ਪਾੜਾ ਅਤੇ ਪਨਪ ਰਹੀ ਕੁੜੱਤਣ ਖ਼ਤਮ ਕਰਦਿਆਂ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕਰਨ ਪ੍ਰਤੀ ਨਵੇਂ ਅਧਿਆਇ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਕਿਸਾਨਾਂ ਦੇ ਦੁੱਖ ਦਰਦ, ਚਿੰਤਾ ਅਤੇ ਮਾਨਸਿਕਤਾ ਨੂੰ ਸਮਝਿਆ ਹੈ। ਉਸ ਦੀ ਦੂਰ ਅੰਦੇਸ਼ੀ ਅਤੇ ਸੰਵੇਦਨਸ਼ੀਲ ਫ਼ੈਸਲੇ ਦਾ ਹਰੇਕ ਸੁਹਿਰਦ ਇਨਸਾਨ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਗੁਰਪੁਰਬ ਮੌਕੇ ਕਰ ਕੇ ਸਿੱਖ ਭਾਈਚਾਰੇ ਦੀ ਅਹਿਮੀਅਤ ਨੂੰ ਕਬੂਲਿਆ ਗਿਆ ਹੈ। ਜਦਕਿ ਕੁਝ ਧਿਰਾਂ ਕਿਸਾਨ ਅੰਦੋਲਨ ਦੌਰਾਨ ਸਿੱਖੀ ਸੋਚ, ਸਿੱਖ ਨਿਸ਼ਾਨਾਂ, ਫ਼ਲਸਫ਼ੇ ਅਤੇ ਭਾਵਨਾਵਾਂ ਨੂੰ ਦਰਕਿਨਾਰ ਕਰਨ ਲਈ ਟਿੱਲ ਦਾ ਜ਼ੋਰ ਲਾ ਰਹੀਆਂ ਸਨ, ਉੱਥੇ ਹੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਗਈ ਸ਼ਹਾਦਤ ਦੇ ਉਦੇਸ਼ ਅਤੇ ਸਰੋਕਾਰਾਂ ਦੀ ਸਾਰਥਿਕਤਾ ਨੂੰ ਸਮਝੇ ਬਗੈਰ ਕੁਝ ਲੋਕ ਤਾਂ ਵਿਦੇਸ਼ੀ ਤਾਕਤਾਂ ਦੀ ਸ਼ਹਿ ’ਤੇ ਕਿਸਾਨੀ ਮੋਰਚੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਅਤੇ ਸਿੱਖ ਬਨਾਮ ਹਿੰਦੂ ਬਣਾਉਣ ਲਈ ਯਤਨਸ਼ੀਲ ਹੋ ਕੇ ਸਿਆਸੀ ਰੋਟੀਆਂ ਸੇਕਣ ’ਚ ਮਸਰੂਫ਼ ਸਨ। ਉਨ੍ਹਾਂ ਕਿਹਾ ਕਿ ਭਾਰਤ ਦੀ ਤਰੱਕੀ ਅਤੇ ਸੁਰੱਖਿਆ ਹਿੰਦੂ ਸਿੱਖ ਰਿਸ਼ਤਿਆਂ ਦੀ ਮਜ਼ਬੂਤੀ ਅਤੇ ਭਾਈਚਾਰਕ ਸਾਂਝ ਸਦਕਾ ਹੀ ਸੰਭਵ ਹੈ। ਜਿਸ ਦੀ ਪਹਿਲ ਕਦਮੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਆਸੀ ਸਾਂਝ ਪਾ ਕੇ ਕੀਤੀ ਗਈ ਸੀ, ਬੇਸ਼ੱਕ ਅੱਜ ਅਕਾਲੀ ਦਲ ਇਸ ਮੁਹਿੰਮ ’ਤੋਂ ਪਿੱਛੇ ਹਟ ਚੁੱਕਿਆ ਹੈ। ਅਜਿਹੇ ਹਾਲਾਤ ’ਚ ਵੀ ਸ੍ਰੀ ਮੋਦੀ ਵੱਲੋਂ ਕਿਸਾਨੀ ਅਤੇ ਸਿੱਖ ਭਾਈਚਾਰੇ ਪ੍ਰਤੀ ਸੰਜੀਦਗੀ ਅਤੇ ਸੰਵੇਦਨਸ਼ੀਲਤਾ ਦਿਖਾਉਂਦਿਆਂ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਗੁਰ ਪੁਰਬ ਮੌਕੇ ਰੱਦ ਕਰਦਿਆਂ ਅਤੇ ਸਿੱਖ ਸੰਗਤ ਦੀ ਜ਼ੋਰਦਾਰ ਮੰਗ ’ਤੇ ਸ੍ਰੀ ਕਰਤਾਰ ਪੁਰ ਲਾਂਘਾ ਮੁੜ ਖੋਲ੍ਹਦਿਆਂ ਹਿੰਦੂ ਸਿੱਖਾਂ ’ਚ ਭਾਈਚਾਰਕ ਵੰਡੀਆਂ ਪਾਉਣ ਅਤੇ ਸਵਾਰਥੀ ਹਿਤਾਂ ਲਈ ਰਾਜਸੀ ਜ਼ਮੀਨ ਤਰਾਸ਼ਣ ਵਾਲਿਆਂ ਦੇ ਮਨਸੂਬਿਆਂ ’ਤੇ ਪਾਣੀ ਫੇਰਦਿਆਂ ’’ਭਵਿੱਖ ਦੀ ਬਿਪਤਾ’’ ਤੋਂ ਵੀ ਸੁਰਖ਼ਰੂ ਹੋਇਆ ਗਿਆ ਹੈ। ਸ੍ਰੀ ਮੋਦੀ ਦਾ ਉਕਤ ਕਦਮ ਉਸ ਦਾ ਸਿੱਖਾਂ ਪ੍ਰਤੀ ਸਤਿਕਾਰ ਦਾ ਲਖਾਇਕ ਹੈ। ਉਹ ਸਿੱਖ ਕੌਮ ਪ੍ਰਤੀ ਸਾਰਥਿਕ ਪਹੁੰਚ ਅਪਣਾਉਂਦਿਆਂ 36 ਵਰ੍ਹਿਆਂ ਤੋਂ ਬੇਇਨਸਾਫ਼ੀ ਦੀ ਪੀੜਾ ਭੋਗ ਰਹੇ ਨਵੰਬਰ ’84 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਪਹਿਲ ਕਦਮੀ ਕਰ ਚੁੱਕਿਆ ਹੈ। ਉਸ ਨੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸਜਣ ਕੁਮਾਰ ਸਮੇਤ ਸੈਂਕੜਿਆਂ ਨੂੰ ਸਜਾਵਾਂ ਦਿਵਾ ਕੇ ਸਲਾਖ਼ਾਂ ਪਿੱਛੇ ਭੇਜਿਆ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਸ਼ਤਾਬਦੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਲੰਮੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਸਿੱਖ ਸਿਆਸੀ ਕੈਦੀਆਂ ਨੂੰ ਛੱਡਣ ਦਾ ਫ਼ੈਸਲਾ ਕੀਤਾ। ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਗੁਰੂ ਕੇ ਲੰਗਰ ਦੀ ਜੀਐਸਟੀ ਸਮਾਪਤ ਕੀਤੀ ਗਈ। ਮੋਦੀ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਅਤੇ 2021 ਵਿੱਚ, ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਕੋਵਿਡ ਪਾਬੰਦੀਆਂ ਦੇ ਬਾਵਜੂਦ ਮਨਾਇਆ ਗਿਆ ਸੀ। ਸ੍ਰੀ ਮੋਦੀ ਨੇ ਦਿੱਲੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਨਾਲ ਮੇਲ-ਮਿਲਾਪ ਕਰਨ ’ਚ ਦਿਲਚਸਪੀ ਦਿਖਾਈ। ਹਾਲ ਹੀ ਵਿੱਚ ਅਫ਼ਗ਼ਾਨਿਸਤਾਨ ਤੋਂ ਸਿੱਖਾਂ ਨੂੰ ਛੁਡਵਾਇਆ ਗਿਆ ਸੀ ਅਤੇ ਉਨ੍ਹਾਂ ਦੀਆਂ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਵੀ ਸਨਮਾਨ ਨਾਲ ਵਾਪਸ ਲਿਆਂਦਾ ਗਿਆ ਸੀ। ਅਫਗਾਨੀ ਰਫ਼ਿਊਜੀ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ’ਚ ਪਹਿਲ ਕੀਤੀ ਗਈ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਸ ਨੇ ਕੱਛ ਦੇ ਲਖਪਤ ਗੁਰਦੁਆਰੇ ਦੀ ਮੁਰੰਮਤ ਵਿੱਚ ਨਿੱਜੀ ਦਿਲਚਸਪੀ ਲਈ, ਜੋ 2001 ਦੇ ਭੂਚਾਲ ਕਾਰਨ ਤਬਾਹ ਹੋ ਗਿਆ ਸੀ। ਉਮੀਦ ਹੈ ਇਤਿਹਾਸਕ ਕਦਮ ਉਠਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖ ਕੌਮ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਣਗੇ।