You are currently viewing ਦਿਨੋ-ਦਿਨ ਵਧ ਰਹੀਆਂ ਹਨ ਡੇਂਗੂ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ
ਕੋਸਰੀ ਨਿਊਜ਼ ਨੈੱਟਵਰਕ

ਦਿਨੋ-ਦਿਨ ਵਧ ਰਹੀਆਂ ਹਨ ਡੇਂਗੂ ਦੇ ਮਰੀਜ਼ਾਂ ਦੀਆਂ ਸਮੱਸਿਆਵਾਂ

ਜਲੰਧਰ, (KNN) : ਡੇਂਗੂ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸਿਵਲ ਹਸਪਤਾਲ ‘ਚ ਸਮੱਸਿਆਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਮਰੀਜ਼ ਨਿੱਜੀ ਹਸਪਤਾਲਾਂ ‘ਚ ਇਲਾਜ ਕਰਵਾਉਣ ਲਈ ਮਜਬੂਰ ਹਨ। ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ 569 ਤਕ ਪਹੁੰਚ ਚੁੱਕੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ ‘ਚ ਸ਼ੱਕੀ ਮਰੀਜ਼ਾਂ ਦੇ ਪਿਛਲੇ ਦੋ ਦਿਨਾਂ ਤੋਂ ਟੈਸਟ ਨਹੀਂ ਹੋਏ। ਸਿਵਲ ਹਸਪਤਾਲ ‘ਚ ਡੇਂਗੂ ਦੇ 3 ਮਰੀਜ਼ ਦਾਖਲ ਹਨ। ਇਨ੍ਹਾਂ ‘ਚ ਇਕ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮੈਡੀਕਲ ਵਾਰਡ ‘ਚ ਸ਼ੱਕੀ ਡੇਂਗੂ ਦੇ 8 ਤੇ ਬੱਚਾ ਵਾਰਡ ‘ਚ 2 ਮਰੀਜ਼ ਦਾਖਲ ਹਨ।

ਮਰੀਜ਼ਾਂ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਸਟਾਫ ਵੱਲੋਂ ਡੇਂਗੂ ਜਾਂਚ ਲਈ ਸੈਂਪਲ ਲਏ ਦੋ ਦਿਨ ਹੋ ਚੁੱਕੇ ਹਨ ਪਰ ਉਸ ਦੀ ਰਿਪੋਰਟ ਨਹੀਂ ਦੇ ਰਹੇ ਹਨ। ਲੈਬ ‘ਚ ਰੋਜ਼ਾਨਾ ਦੋ-ਤਿੰਨ ਚੱਕਰ ਲਾਏ ਜਾ ਰਹੇ ਹਨ ਪਰ ਉਥੇ ਤਾਇਨਾਤ ਮੁਲਾਜ਼ਮ ਟਾਲ-ਮਟੋਲ ਕਰ ਰਹੇ ਹਨ। ਮਾਮਲੇ ਨੂੰ ਲੈ ਕੇ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਾਨਸਿਕ ਤਣਾਅ ‘ਚ ਹਨ। ਵਾਰਡ ‘ਚ ਬਣੇ ਪਖਾਨੇ ਗੰਦਗੀ ਨਾਲ ਭਰੇ ਪਏ ਹਨ ਅਤੇ ਵਾਰਡ ਚ ਵੀ ਸਫਾਈ ਦਾ ਮੰਦਾ ਹਾਲ ਹੈ। ਐੱਸਐੱਮਓ ਡਾ. ਗੁਰਮੀਤ ਲਾਲ ਦਾ ਕਹਿਣਾ ਹੈ ਕਿ ਵਿਭਾਗ ਦੇ ਮੁਲਾਜ਼ਮ ਲਗਾਤਾਰ ਵਾਰਡਾਂ ਦੀ ਸਫਾਈ ਕਰ ਰਹੇ ਹਨ। ਡੇਂਗੂ ਜਾਂਚ ਲਈ ਸੈਂਪਲ ਘੱਟ ਹੋਣ ਦੀ ਵਜ੍ਹਾ ਨਾਲ ਜਾਂਚ ਨਹੀਂ ਕੀਤੀ ਗਈ ਹੈ। ਕਿਟ 90 ਸੈਂਪਲਾਂ ਦੀ ਹੈ, ਇਸ ਤੋਂ ਘੱਟ ਸੈਂਪਲਾਂ ਦੀ ਜਾਂਚ ਕਰਨ ਦੀ ਵਿਵਸਥਾ ਨਹੀਂ ਹੈ। ਸੋਮਵਾਰ ਨੂੰ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ।