You are currently viewing ਜ਼ਮੀਨ ਰਜਿਸਟ੍ਰੇਸ਼ਨ ’ਚ ਧੋਖਾਦੇਹੀ ਨੂੁੰ ਰੋਕਣ  ਲਈ ਜ਼ਮੀਨ ਦਾ ਵੀ ਹੋਵੇਗਾ ਯੂਆਈਡੀ ਨੰਬਰ
ਕੇਸਰੀ ਨਿਊਜ਼ ਨੈੱਟਵਰਕ

ਜ਼ਮੀਨ ਰਜਿਸਟ੍ਰੇਸ਼ਨ ’ਚ ਧੋਖਾਦੇਹੀ ਨੂੁੰ ਰੋਕਣ ਲਈ ਜ਼ਮੀਨ ਦਾ ਵੀ ਹੋਵੇਗਾ ਯੂਆਈਡੀ ਨੰਬਰ

 ਨਵੀਂ ਦਿੱਲੀ 18 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ) : ਜ਼ਮੀਨ ਦੇ ਦਸਤਾਵੇਜ਼  ਨਾਲ ਛੇੜਛਾੜ ਜਾਂ ਕਿਸੇ ਵੀ ਤਰ੍ਹਾਂ ਦੇ ਘਪਲੇ ਨੂੰ ਰੋਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਮੀਨੀ ਦਸਤਾਵੇਜ਼ ਨੂੰ ਡਿਜੀਟਲ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਆਨਲਾਈਨ ਕਰ ਦਿੱਤਾ ਗਿਆ ਹੈ। ਆਧਾਰ ਨੰਬਰ ਦੀ ਤਰਜ਼ ’ਤੇ ਸਾਰੇ ਜ਼ਮੀਨ ਮਾਲਿਕਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਯੂਨੀਕ ਆਈਡੀ ਨੰਬਰ ਦਿੱਤਾ ਜਾਵੇਗਾ, ਜਿਹੜਾ ਸਾਰੇ ਬੈਂਕਾਂ ਤੇ ਹੋਰ ਸਰਕਾਰੀ ਅਦਾਰਿਆਂ ਲਈ ਵੀ ਆਨਲਾਈਨ ਉਪਲਬਧ ਹੋਵੇਗਾ। ਇਸ ਨਾਲ ਜ਼ਮੀਨ ਦੇ ਇਕ ਹੀ ਟੁੱਕੜੇ ਦੀ ਕਈ ਲੋਕਾਂ ਦੇ ਨਾਂ ਰਜਿਸਟਰੀ ਕਰ ਦੇਣ ਜਾਂ ਉਸੇ ਜ਼ਮੀਨ ’ਤੇ ਕਈ ਬੈਂਕਾਂ ਤੋਂ ਕਰਜ਼ਾ ਲੈਣਾ ਆਸਾਨ ਨਹੀਂ ਹੋਵੇਗਾ।

ਪਿਛਲੇ ਹਫ਼ਤੇ ਕੇਂਦਰੀ ਭੌਂ ਵਸੀਲਾ ਮੰਤਰਾਲੇ ਦੇ ਰਾਸ਼ਟਰੀ ਸੰਮੇਲਨ ’ਚ ਸਾਰੇ ਸੂਬਿਆਂ ਦੇ ਮਾਲ ਮੰਤਰੀਆਂ ਦੀ ਹਾਜ਼ਰੀ ’ਚ ਜ਼ਮੀਨੀ ਦਸਤਾਵੇਜ਼ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ’ਤੇ ਵਿਚਾਰ ਕੀਤਾ ਗਿਆ। ਉਸ ’ਚ ਜ਼ਮੀਨ ਦੇ ਯੂਨੀਕ ਨੰਬਰ ਦੀ ਵਿਵਸਥਾ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਇਸੇ ਸਾਲ ਦੇ ਆਖ਼ਰ ਤਕ ਇਸ ਵਿਵਸਥਾ ਨੂੰ ਸਾਰੇ ਸੂਬਿਆਂ ’ਚ ਲਾਗੂ ਕਰ ਦਿੱਤਾ ਜਾਵੇਗਾ।

ਡਿਜੀਟਲ ਇੰਡੀਆ ਲੈਂਡ ਰਿਕਾਰਡ ਮਾਡਰਨਾਈਜ਼ੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਵੈਸੇ ਤਾਂ 2008 ’ਚ ਹੋਈ ਸੀ ਪਰ ਉਸ ਨੂੰ ਰਫ਼ਤਾਰ 2016 ’ਚ ਡਿਜੀਟਲ ਇੰਡੀਆ ਮੁਹਿੰਮ ਤੋਂ ਬਾਅਦ ਮਿਲੀ। ਦੇਸ਼ ਦੇ 13 ਸੂਬਿਆਂ ਦੀਆਂ ਕੁੱਲ ਸੱਤ ਲੱਖ ਜ਼ਮੀਨਾਂ ਦੇ ਯੂਨੀਕ ਆਈਡੀ ਨੰਬਰ ਜਾਰੀ ਕਰ ਦਿੱਤੇ ਗਏ ਹਨ। 19 ਸੂਬਿਆਂ ’ਚ ਇਸ ਦਾ ਪਾਇਲਟ ਪ੍ਰਾਜੈਕਟ ਸਫਲਤਾ ਨਾਲ ਪੂਰਾ ਹੋ ਚੁੱਕਾ ਹੈ। ਇਸ ਬਾਰੇ ਕੇਂਦਰੀ ਭੌਂ ਵਸੀਲਾ ਤੇ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਭੌਂ ਵਸੀਲਾ ਵਿਭਾਗ ’ਚ ਡਿਜੀਟਲ ਟੈਕਨਾਲੋਜੀ ਲਾਗੂ ਹੋਣ ਪਿੱਛੋਂ ਪਾਰਦਰਸ਼ਿਤਾ ਆਈ ਹੈ। ਵਿਸ਼ੇਸ਼ ਪਛਾਣ ਨੰਬਰ ਮਿਲ ਜਾਣ ਨਾਲ ਅਚੱਲ ਜਾਇਦਾਦ ਤੇ ਜ਼ਮੀਨਾਂ ਨੂੰ ਲੈ ਕੇ ਹੋਣ ਵਾਲੀ ਧੋਖਾਧੜੀ ਘੱਟ ਹੋਵੇਗੀ ਤੇ ਬੇਨਾਮੀ ਲੈਣ-ਦੇਣ ’ਤੇ ਰੋਕ ਲੱਗੇਗੀ। ਇਸ ਖ਼ਾਸ ਨੰਬਰ ਨੂੰ ਝੂਠਾ ਕਰਾਰ ਜਾਂ ਗ਼ਲਤ ਸਾਬਿਤ ਨਹੀਂ ਕੀਤਾ ਜਾ ਸਕਦਾ।ਜ਼ਮੀਨ ਦੇ ਦਸਤਾਵੇਜ਼ਾਂ ਦੇ ਕੰਪਿਊਟਰੀਕਰਨ ਦੇ ਮਾਮਲੇ ’ਚ 94 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ।