You are currently viewing ਯੂਪੀ ਤੋਂ ਬਾਅਦ ਪੰਜਾਬ ਵਿੱਚ ਵੀ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ

ਯੂਪੀ ਤੋਂ ਬਾਅਦ ਪੰਜਾਬ ਵਿੱਚ ਵੀ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ

ਯੂਪੀ ਤੋਂ ਬਾਅਦ ਪੰਜਾਬ ਵਿੱਚ ਵੀ ਫਿਲਮ ਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ

 ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾ ਰਹੀ ਹੈ ਫਿਲਮ ਸਿਟੀ

ਬੱਸੀ ਪਠਾਣਾ, 17 ਨਵੰਬਰ (ਕੇਸਰੀ ਨਿਊਜ਼ ਨੈੱਟਵਰਕ) -ਫਤਿਹਗੜ ਸਾਹਿਬ ਮੁਹਾਲੀ ਰੋਡ ਤੇ ਪਿੰਡ ਮੁਕਾਰੋਂਪੁਰ ਨੇੜੇ ਇੰਨਵੈਸਟ ਪੰਜਾਬ ਅਤੇ ਬਿਜ਼ਨਸ ਫਸਟ ਤਹਿਤ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਬਣਾਈ ਜਾਣ ਵਾਲੀ ਫਿਲਮ ਸਿਟੀ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਰੱਖਿਆ।

ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ.ਚੰਨੀ ਨੇ ਕਿਹਾ ਕਿ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਕਰੀਬ 400 ਏਕੜ ਵਿੱਚ ਫਿਲਮ ਸਿਟੀ ਬਣਾਉਣ ਜਾ ਰਹੀ ਹੈ। ਉਨਾਂ ਕਿਹਾ ਕਿ ਫਿਲਮਾਂ ਸਮਾਜ ਨੂੰ ਸੇਧ ਦੇਣ ਦਾ ਬਹੁਤ ਵਧੀਆ ਜ਼ਰੀਆ ਹਨ। ਉਨਾਂ ਕਿਹਾ ਕਿ ਕਲਾਕਾਰਾਂ ਵੱਲੋਂ ਜਾਂ ਫਿਲਮਾਂ ਵਿੱਚ ਕੀਤੀ ਗਈ ਗੱਲ ਦਾ ਨੌਜਵਾਨਾਂ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਚੰਗੇ ਗੀਤ ਅਤੇ ਚੰਗੀਆਂ ਫਿਲਮਾਂ ਨੌਜਵਾਨਾਂ ਨੂੰ ਚੰਗੇ ਰਾਹ ਉੱਤੇ ਪਾ ਕੇ ਸੂਬੇ ਦੀ ਤਰੱਕੀ ਵਿੱਚ ਅਹਿਮ ਯੌਗਦਾਨ ਪਾ ਸਕਦੀਆਂ ਹਨ। 

 

ਉਨਾਂ ਕਿਹਾ ਕਿ ਪੰਜਾਬ ਵਿੱਚ ਫਿਲਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਕਲਾਕਾਰਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ। 

 

ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ, ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਚੰਗੀਆਂ ਫਿਲਮਾਂ ਅਤੇ ਚੰਗੇ ਗੀਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਸਹੀ ਸੇਧ ਮਿਲੇ। ਉਨਾਂ ਨੇ ਭਰੋਸਾ ਦਿੱਤਾ ਕਿ ਫਿਲਮ ਇੰਡਸਟਰੀ ਅਤੇ ਕਲਾਕਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਤੇ ਇਸ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਫਿਲਮ ਇੰਡਸਟਰੀ ਬੇਫਿਕਰ ਹੋ ਕਿ ਆਪਣਾ ਕੰਮ ਕਰ ਸਕਦੀ ਹੈ। 

 

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ ਨੇ ਕਿਹਾ ਕਿ ਬਸੀ ਪਠਾਣਾ ਵਿਖੇ ਵੱਡੀ ਗਿਣਤੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ ਜਿਸ ਨਾਲ ਰੁਜਗਾਰ ਦੇ ਮੌਕੇ ਪੈਦਾ ਹੁੰਦੇ ਹਨ ਤੇ ਫਿਲਮ ਸਿਟੀ ਬਨਣ ਨਾਲ ਜਿੱਥੇ ਫਿਲ਼ਮ ਇੰਡਸਟਰੀ ਪ੍ਰਫੁੱਲਿਤ ਹੋਵੇਗੀ ਉੱਥੇ ਹਲਕਾ ਬੱਸੀ ਪਠਾਣਾ ਦੀ ਤਰੱਕੀ ਵੀ ਰਫਤਾਰ ਫੜੇਗੀ। 

 

ਇਸ ਮੌਕੇ ਪੀ ਐਫ ਸੀ ਐਂਟਰਟੇਨਮੈਂਟ ਵਰਲਡ ਪ੍ਰਾਈਵੇਟ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਇਕਬਾਲ ਸਿੰਘ ਚੀਮਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਵਿੱਚ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਕਿਵੇਂ ਵਧਿਆ ਹੈ। ਇਹ ਹੁਣ ਪਹਿਲਾਂ ਨਾਲੋਂ ਵੀ ਮਹੱਤਵਪੂਰਨ ਹੈ ਕਿ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਦਾ ਚੰਡੀਗੜ ਦੇ ਨੇੜੇ ਆਪਣਾ ਸਥਾਈ ਆਧਾਰ ਹੋਵੇ, ਜਿਸ ਨੂੰ ਉਦਯੋਗ ਅਪਣਾ “ਘਰ“ ਕਹਿ ਸਕੇ। ਇਸੇ ਉਦੇਸ਼ ਨਾਲ ਹੀ ਪੰਜਾਬ ਫਿਲਮ ਸਿਟੀ ਦੇ ਪ੍ਰੋਜੈਕਟ ਦੀ ਕਲਪਨਾ ਕੀਤੀ ਗਈ ਹੈ।

 

 ਪੰਜਾਬ ਫਿਲਮ ਸਿਟੀ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਦੇ ਨਿਰਮਾਤਾਵਾਂ ਨੂੰ ਵਿਆਪਕ ਬੁਨਿਆਦੀ ਢਾਂਚਾ ਤਿਆਰ ਕਰਕੇ ਨਵੇਂ ਮੌਕੇ ਖੇਤਰ ਪ੍ਰਦਾਨ ਕਰਵਾਏਗੀ। ਪੰਜਾਬ ਫਿਲਮ ਸਿਟੀ ਸਭ ਤੋਂ ਪਹਿਲਾਂ ਪੇਸ਼ੇਵਰ ਤੌਰ ‘ਤੇ ਪੂਰੀ ਤਰਾਂ ਨਾਲ ਪ੍ਰਬੰਧਿਤ ਫਿਲਮ ਸਿਟੀ ਜਿਸਦੇ ਵਿੱਚ ਸੂਟਿੰਗ ਫਲੈਰ, ਬੈਕ ਲਾਟ, ਸ਼ੂਟਿੰਗ ਰੇਂਜ, ਥੀਮਡ ਅਤੇ ਜਨਰਲ ਸੈੱਟ ਹੋਣਗੇ ਇਸਦੇ ਨਾਲ ਨਾਲ ਸਾਜੋ-ਸਾਮਾਨ, ਟੈਕਨੀਸ਼ੀਅਨ ਅਤੇ ਸ਼ੂਟਿੰਗ ਭੂ ਦੀ ਸੁਵਿਧਾਵਾਂ ਪ੍ਰਦਾਨ ਕਰੇਗੀ।

 

 ਉਪਰੋਕਤ ਤੋਂ ਇਲਾਵਾ, ਪੰਜਾਬ ਫਿਲਮ ਸਿਟੀ ਰਿਹਾਇਸ, ਬੋਰਡਿੰਗ ਅਤੇ ਸਹਾਇਕ ਸੇਵਾਵਾਂ ਦੀ ਵੀ ਸਹੂਲਤ ਦੇਵੇਗੀ। ਇਸ ਪ੍ਰੋਜੈਕਟ ਦੇ ਵਿਕਾਸ ਦੇ ਪਿੱਛੇ ਵਿਚਾਰ ਨੌਜਵਾਨਾਂ ਲਈ ਰਚਨਾਤਮਕ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਨਵੇਂ ਦਿਸ਼ਾ ਨੂੰ ਖੋਲਣਾ ਵੀ ਹੈ।

 

ਫਿਲਮ ਸਿਟੀ ਦੀ ਸਥਾਪਨਾ ਅਤੇ ਸੰਚਾਲਨ ਆਸਾਨ ਕੰਮ ਨਹੀਂ ਹੈ। ਇਸ ਨੂੰ ਮਜਬੂਤ ਪ੍ਰਬੰਧਨ ਪ੍ਰਣਾਲੀਆਂ, ਚੁਸਤ ਅਤੇ ਗਤੀਸ਼ੀਲ ਓਪਰੇਟਿੰਗ ਟੀਮਾ ਅਤੇ ਵਿਭਾਗਾਂ ਦੀ ਲੋੜ ਹੈ। ਇਸ ਨੂੰ ਬਹੁਤ ਉੱਚ ਪੱਧਰੀ ਕੁਸ਼ਲਤਾ ਦੇ ਨਾਲ ਕੰਮ ਕਰਨ ਦੇ ਪੇਸ਼ੇਵਰ ਕਾਰਜਾਂ ਦੇ ਮਾਮਲੇ ਵਿੱਚ ਉੱਚ ਪੱਧਰੀ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ।

 

ਫਿਲਮ ਸਿਟੀ ਪ੍ਰੋਡਕਸਨ ਹਾਊਸਾਂ, ਕਲਾਕਾਰਾਂ ਆਦਿ ਨੂੰ ਉਨਾਂ ਦੇ ਪ੍ਰੋਜੈਕਟਾਂ ਨੂੰ ਕੁਸਲਤਾ ਨਾਲ ਚਲਾਉਣ ਲਈ ਸੁਰੱਖਿਅਤ ਅਤੇ ਵਿਸ਼ੇਸ਼ ਕੰਮ ਸਥਾਨ ਵੀ ਪ੍ਰਦਾਨ ਕਰੇਗੀ। ਪੰਜਾਬ ਫਿਲਮ ਸਿਟੀ ਇੱਕ ਗੇਟਡ ਪ੍ਰਾਈਵੇਟ ਜਗਾ ਹੋਵੇਗੀ ਜੋ ਪ੍ਰੋਡਕਸਨ ਹਾਊਸਾਂ ਅਤੇ ਲਈ ਲੋੜੀਂਦੀ ਗੋਪਨੀਯਤਾ ਨੂੰ ਯਕੀਨੀ ਬਣਾਏਗੀ।

 

ਪੰਜਾਬ ਫਿਲਮ ਸਿਟੀ ਦਾ ਪ੍ਰਬੰਧਨ ਗਤੀਸ਼ੀਲ ਹੈ ਅਤੇ ਸਾਬਤ ਹੋਏ ਟਰੈਕ ਰਿਕਾਰਡ ਨਾਲ ਆਉਂਦਾ ਹੈ। ਪ੍ਰਮੋਟਰ ਸ੍ਰੀ ਅਪਜਿੰਦਰ ਸਿੰਘ ਚੀਮਾ ਕੋਲ ਭਾਰਤ ਦੇ ਮੋਹਰੀ ਭਾਵ ਬਾਇਲਰ ਨਿਰਮਾਣ ਉਦਯੋਗ ਵਿੱਚੋਂ ਇੱਕ ਸਥਾਪਤ ਕਰਨ ਵਿੱਚ 40 ਸਾਲਾਂ ਦਾ ਸਫਲ ਉੱਦਮੀ ਅਨੁਭਵ ਹੈ। “ਬਾਇਲਰਮੈਨ“ ਵਜੋਂ ਜਾਣੇ ਜਾਂਦੇ ਸ੍ਰੀ ਚੀਮਾ ਹੁਣ ਉੱਤਰੀ ਭਾਰਤ ਦੀ ਪਹਿਲੀ ਫਿਲਮ ਸਿਟੀ ਸਥਾਪਤ ਕਰਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ “ਪੰਜਾਬ ਫਿਲਮ ਸਿਟੀ“ ਲੈ ਕੇ ਆਏ ਹਨ। 

 

ਜਿਕਰਯੋਗ ਹੈ ਕਿ ਸ੍ਰੀ ਚੀਮਾ ਬਾਲ ਬਾਇੰਗ ਵਾਲੇ ਪਿਤਾ ਦੀ ਬਜਾਏ ਬਾਲ ਪਲੇਇੰਗ ਪਿਤਾ ਹਨ। ਉਹਨਾਂ ਨੇ ਆਪਣੇ ਪੁੱਤਰ ਸ੍ਰੀ ਇਕਬਾਲ ਸਿੰਘ ਚੀਮਾ, ਪੰਜਾਬ ਫਿਲਮ ਸਿਟੀ ਦੇ ਕਾਰਜਕਾਰੀ ਨਿਰਦੇਸ਼ਨ ਵਿੱਚ ਉੱਚ ਪੱਧਰੀ ਵਪਾਰਕ ਅਤੇ ਸਮਾਜਿਕ ਹੁਨਰ ਨੂੰ ਉਚਿਤ ਰੂਪ ਵਿੱਚ ਉਭਾਰਿਆ ਹੈ। 

 

ਸ੍ਰੀ ਇਕਬਾਲ ਚੀਮਾ ਦਾ ਮੰਨਣਾ ਹੈ ਕਿ ‘ਇਨੇ ਵੱਡੇ ਪੈਮਾਨੇ ‘ਤੇ ਫਿਲਮ ਸਿਟੀ ਦਾ ਆਉਣਾ ਨੌਜਵਾਨ ਚਾਹਵਾਨਾਂ ਨੂੰ ਮਨੋਰੰਜਨ ਉਦਯੋਗ ਵਿੱਚ ਸ਼ਾਨਦਾਰ ਕਰੀਅਰ ਚੁਣਨ ਲਈ ਉਤਸ਼ਾਹਿਤ ਕਰੇਗਾ। ਚੰਡੀਗੜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿਰਫ ਅੱਧੇ ਘੰਟੇ ਦੀ ਡਰਾਈਵ ਨਾਲ ਪੰਜਾਬ ਫਿਲਮ ਸਿਟੀ ਆਸਾ ਪਹੁੰਚਣਯੋਗ ਹੈ। ਸ਼ਹਿਰ ਦੀ ਭੀੜ-ਭੜਕੇ ਤੋਂ ਦੂਰ ਇਥੇ ਵਾਤਾਵਰਣ ਹਰਿਆ ਭਰਿਆ ਅਤੇ ਸ਼ਾਂਤੀਪੂਰਨ ਹੈ

 

ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ, ਵਧੀਕ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ੍ਰੀਮਤੀ ਸੇਨੂੰ ਦੁੱਗਲ, ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਲਾਕਾਰ ਹਾਜ਼ਰ ਸਨ।