You are currently viewing ਮੋਦੀ ਨੇ ਅੰਗਰੇਜ਼ਾਂ ਵੇਲੇ ਦੀ ਇਕ ਹੋਰ ਵਿਵਸਥਾ ਕੀਤੀ ਖ਼ਤਮ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਇਜ਼ਾਜਤ
ਪੋਸਟ ਮਾਰਟਮ

ਮੋਦੀ ਨੇ ਅੰਗਰੇਜ਼ਾਂ ਵੇਲੇ ਦੀ ਇਕ ਹੋਰ ਵਿਵਸਥਾ ਕੀਤੀ ਖ਼ਤਮ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਇਜ਼ਾਜਤ

ਕੇਸਰੀ ਨਿਊਜ਼ ਨੈੱਟਵਰਕ, ਨਵੀਂ ਦਿੱਲੀ:ਕੇਂਦਰ ਨੇ ਢੁੱਕਵੀਆਂ ਬੁਨਿਆਦੀ ਸਹੂਲਤਾਂ ਵਾਲੇ ਹਸਪਤਾਲਾਂ ’ਚ ਸੂਰਜ ਛਿਪਣ ਤੋਂ ਬਾਅਦ ਵੀ ਪੋਸਟਮਾਰਟਮ ਕਰਨ ਦੀ ਇਜਾਜ਼ਤ ਦੇ ਦਿੱਤੀ। ਹਾਲਾਂਕਿ ਇਸ ’ਚ ਹੱਤਿਆ, ਖ਼ੁਦਕੁਸ਼ੀ, ਵੱਢੀਆਂ-ਟੁੱਕੀਆਂ ਲਾਸ਼ਾਂ ਤੇ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਮਾਮਲੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਕੇਂਦਰ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਹਿੰਦੀ ’ਚ ਟਵੀਟ ਕੀਤਾ, ‘ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਖ਼ਤਮ, 24 ਘੰਟੇ ਹੋ ਸਕੇਗਾ ਪੋਸਟਮਾਰਟਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਸ਼ਾਸਨ ਦੇ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਮੰਤਰਾਲੇ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਹਸਪਤਾਲਾਂ ’ਚ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਸਹੂਲਤ ਹੈ ਉਹ ਹੁਣ ਸੂਰਜ ਛਿਪਣ ਤੋਂ ਬਾਅਦ ਵੀ ਪੋਸਟਮਾਰਟਮ ਕਰ ਸਕਣਗੇ।’

ਮੰਤਰਾਲੇ ਨੇ ਕਿਹਾ ਹੈ ਕਿ ਮਿ੍ਰਤਕਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਇਹ ਨਵੀਂ ਪ੍ਰਕਿਰਿਆ ਅੰਗ ਦਾਨ ਤੇ ਟਰਾਂਸਪਲਾਂਟ ਨੂੰ ਉਤਸ਼ਾਹਿਤ ਕਰਦੀ ਹੈ ਕਿਉਂਕਿ ਪ੍ਰਕਿਰਿਆ ਤੋਂ ਬਾਅਦ ਤੈਅ ਸਮੇਂ ’ਚ ਅੰਗਾਂ ਨੂੰ ਕੱਢਿਆ ਜਾ ਸਕਦਾ ਹੈ।

ਮੰਤਰਾਲੇ ਨੇ ਕਿਹਾ ਕਿ ਇਸ ਬਾਰੇ ਚਰਚਾ ਹੋਈ ਕਿ ਕੁਝ ਸੰਸਥਾਵਾਂ ਪਹਿਲਾਂ ਤੋਂ ਹੀ ਰਾਤ ਦੇ ਸਮੇਂ ਪੋਸਟਮਾਰਟਮ ਕਰ ਰਹੀਆਂ ਹਨ। ਨਾਲ ਹੀ ਤਕਨੀਕ ’ਚ ਤੇਜ਼ੀ ਨਾਲ ਤਰੱਕੀ ਤੇ ਸੁਧਾਰ ਨੂੰ ਦੇਖਦੇ ਹੋਏ, ਖ਼ਾਸ ਤੌਰ ’ਤੇ ਜ਼ਰੂਰੀ ਪ੍ਰਕਾਸ਼ ਵਿਵਸਥਾ ਤੇ ਪੋਸਟਮਾਰਟਮ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੀ ਉਪਲਬਧਤਾ ਕਾਰਨ ਹਸਪਤਾਲਾਂ ’ਚ ਰਾਤ ਦੇ ਸਮੇਂ ਵੀ ਪੋਸਟਮਾਰਟਮ ਕਰਨਾ ਹੁਣ ਮੁਮਕਿਨ ਹੈ।

ਮੰਤਰਾਲੇ ਮੁਤਾਬਕ ਸਬੰਧਤ ਪ੍ਰੋਟੋਕਲ ’ਚ ਕਿਹਾ ਗਿਆ ਹੈ ਕਿ ਅੰਗ ਦਾਨ ਲਈ ਪੋਸਟਮਾਰਟਮ ਪਹਿਲ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਸੂਰਜ ਡੁੱਬਣ ਤੋਂ ਬਾਅਦ ਵੀ ਉਨ੍ਹਾਂ ਹਸਪਤਾਲਾਂ ’ਚ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਿਯਮਤ ਆਧਾਰ ’ਤੇ ਇਸ ਤਰ੍ਹਾਂ ਦੇ ਪੋਸਟਮਾਰਟਮ ਕਰਨ ਲਈ ਬੁਨਿਆਦੀ ਢਾਂਚਾ ਹੈ।

ਪੋਸਟਮਾਰਟਮ ਦੀ ਕੀਤੀ ਜਾਵੇਗੀ ਵੀਡੀਓ ਰਿਕਾਰਡਿੰਗ

ਪ੍ਰੋਟੋਕਾਲ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਪੂਰੀ ਰਾਤ ਹੋਣ ਵਾਲੇ ਸਾਰੇ ਪੋਸਟਮਾਰਟਮਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ ਤੇ ਇਹ ਕਾਨੂੰਨੀ ਉਦੇਸ਼ ਲਈ ਭਵਿੱਖ ਦੇ ਸੰਦਰਭ ’ਚ ਸੰਭਾਲ ਕੇ ਰੱਖੀ ਜਾਵੇਗੀ।

ਹਾਲਾਂਕਿ ਮੰਤਰਾਲੇ ਨੇ ਕਿਹਾ ਕਿ ਹੱਤਿਆ, ਖ਼ੁਦਕੁਸ਼ੀ, ਜਬਰ ਜਨਾਹ, ਵੱਢੀਆਂ-ਟੁੱਕੀਆਂ ਲਾਸ਼ਾਂ ਤੇ ਸ਼ੱਕੀ ਸ਼੍ਰੇਣੀਆਂ ਦੇ ਮਾਮਲਿਆਂ ਨੂੰ ਉਦੋਂ ਤਕ ਰਾਤ ਦੇ ਸਮੇਂ ਪੋਸਟਮਾਰਟਮ ਲਈ ਨਹੀਂ ਰੱਖਿਆ ਜਾਣਾ ਚਾਹੀਦਾ ਜਦੋਂ ਤਕ ਕਾਨੂੰਨ ਵਿਵਸਥਾ ਨਾਲ ਜੁੜੀ ਕੋਈ ਸਥਿਤੀ ਨਾ ਹੋਵੇ।