You are currently viewing ਬਸਪਾ ਦੀ ਹੁਣ ਪੰਜਾਬ ਨੂੰ ਕੋਈ ਲੋੜ ਨਹੀਂ-ਚੰਨੀ
channi@-Adampur

ਬਸਪਾ ਦੀ ਹੁਣ ਪੰਜਾਬ ਨੂੰ ਕੋਈ ਲੋੜ ਨਹੀਂ-ਚੰਨੀ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸੀਟਾਂ ਦੀ ਵੰਡ ਸਬੰਧੀ ਧੋਖਾ ਕੀਤਾ ਹੈ। ਬਸਪਾ ਨੂੰ ਕਮਜ਼ੋਰ ਸੀਟਾਂ ਦਿੱਤੀਆਂ ਗਈਆਂ ਹਨ ਤੇ ਮਜ਼ਬੂਤ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਲਈ ਰੱਖ ਲਈਆਂ ਹਨ। ਬਸਪਾ ਉੱਪਰ ਵੱਡਾ ਹਮਲਾ ਕਰਦਿਆਂ ਚੰਨੀ ਨੇ ਕਿਹਾ ਕਿ ਹੁਣ ਜਦੋਂ  ਕਾਂਗਰਸ ਪਾਰਟੀ ਨੇ ਹੀ ਬਹੁਜਨ ਸਮਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂ ਫਿਰ ਬਸਪਾ ਦੀ ਹੁਣ ਕੋਈ ਲੋੜ ਹੀ ਨਹੀਂ ਰਹਿ ਗਈ ਹੈ।

ਉਹ ਆਦਮਪੁਰ ਵਿਧਾਨ ਸਭਾ ਹਲਕੇ ’ਚ 157.96 ਕਰੋੜ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਕਾਂਗਰਸ ਨੇ ਬਹੁਜਨ ਸਮਾਜ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ ਤਾਂ ਫਿਰ ਬਸਪਾ ਦੀ ਹੁਣ ਕੋਈ ਲੋੜ ਨਹੀਂ ਰਹਿ ਜਾਂਦੀ।

ਸ੍ਰੀ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 1996 ਵਿੱਚ ਵੀ ਬਸਪਾ ਨਾਲ ਗੱਠਜੋੜ ਕੀਤਾ ਸੀ। ਬਸਪਾ ਦੀ ਮਦਦ ਨਾਲ ਸੀਟਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਧੋਖਾ ਦੇ ਦਿੱਤਾ ਤੇ 1997 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕਰ ਲਿਆ ਸੀ।

ਇਸੇ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਅਤੇ ਇਸ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ ਤੇ ਛੇਤੀ ਹੀ ਇਸ ਸਬੰਧੀ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।

ਮੁੱਖ ਮੰਤਰੀ ਸ੍ਰੀ ਚੰਨੀ ਨੇ ਮਹਿੰਦਰ ਸਿੰਘ ਕੇਪੀ ਨੂੰ ਇਸ ਹਲਕੇ ਤੋਂ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕੇਪੀ ਨੂੰ ਇਸ ਹਲਕੇ ਤੋਂ ਜਿਤਾ ਕੇ ਭੇਜਣ। ਉਨ੍ਹਾਂ ਹਲਕੇ ਦੇ ਵਿਕਾਸ ਲਈ ਐਲਾਨੀ ਗਈ 19 ਕਰੋੜ ਦੀ ਗਰਾਂਟ ਵਿੱਚੋਂ 10 ਕਰੋੜ ਰੁਪਏ ਮਹਿੰਦਰ ਸਿੰਘ ਕੇਪੀ ਦੀ ਤਜਵੀਜ਼ ਅਨੁਸਾਰ ਖਰਚੇ ਜਾਣ ਦਾ ਵੀ ਐਲਾਨ ਕੀਤਾ।