You are currently viewing ਬਿਹਾਰ ਵਿਚ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਅਗਰਤਲਾ ਵਿੱਚ ਦੋ ਮਹਿਲਾ ਪੱਤਰਕਾਰ ਨਜ਼ਰਬੰਦ
ਬਿਹਾਰ ਅਤੇ ਤ੍ਰਿਪੁਰਾ ਵਿਚ ਪੱਤਰਕਾਰ ਸਿਸਟਮ ਦਾ ਸ਼ਿਕਾਰ

ਬਿਹਾਰ ਵਿਚ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਅਗਰਤਲਾ ਵਿੱਚ ਦੋ ਮਹਿਲਾ ਪੱਤਰਕਾਰ ਨਜ਼ਰਬੰਦ

ਬਿਹਾਰ ਵਿਚ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਅਗਰਤਲਾ ਵਿੱਚ ਦੋ ਮਹਿਲਾ ਪੱਤਰਕਾਰ ਨਜ਼ਰਬੰਦ

ਕੇਸਰੀ ਨਿਊਜ਼ ਨੈੱਟਵਰਕ, ਪਟਨਾ : ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਨੇ ਸੂਬੇ ਵਿੱਚ ਇੱਕ ਨੌਜਵਾਨ ਪੱਤਰਕਾਰ ਬੁੱਧਨਾਥ ਝਾਅ ਦੀ ਬੇਰਹਿਮੀ ਨਾਲ ਹੱਤਿਆ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ  ਮੌਤ ਦਾ ਕਾਰਨ ਬਣੀ ਘਟਨਾ ਦੀ ਪੂਰੇ ਘਟਨਾ ਕ੍ਰਮ ਦੀ ਜਾਂਚ ਦੀ ਮੰਗ ਕੀਤੀ ਹੈ। ਯੂਨੀਅਨ ਨੇ ਤ੍ਰਿਪੁਰਾ ਸਰਕਾਰ ਵੱਲੋਂ ਅਗਰਤਲਾ ਵਿੱਚ ਨਜ਼ਰਬੰਦ ਦੋ ਮਹਿਲਾ ਪੱਤਰਕਾਰਾਂ ਦੀ ਤੁਰੰਤ ਰਿਹਾਈ ਲਈ ਆਵਾਜ਼ ਉਠਾਈ ਹੇੈ।

ਜ਼ਿਕਰਯੋਗ ਹੈ ਕਿ ਇੱਕ 22 ਸਾਲਾ ਮਧੂਬਨੀ ਵਾਸੀ ਪੱਤਰਕਾਰ ਅਤੇ ਸੂਚਨਾ ਅਧਿਕਾਰ ਕਾਰਕੁਨ ਬੁੱਧਨਾਥ ਝਾਅ ਕੁਝ ਦਿਨਾਂ ਤੋਂ ਲਾਪਤਾ ਹੋਣ ਤੋਂ ਬਾਅਦ 12 ਨਵੰਬਰ ਨੂੰ ਮ੍ਰਿਤਕ ਪਾਇਆ ਗਿਆ ਸੀ। ਬੁੱਧਨਾਥ (ਅਵਿਨਾਸ਼ ਝਾਅ ਵਜੋਂ ਵੀ ਜਾਣਿਆ ਜਾਂਦਾ ਹੈ) ਤੇ ਉਸ ਨੇ ਆਪਣੇ ਇਲਾਕੇ ਵਿੱਚ ਚੱਲ ਰਹੇ ਕਈ ਫਰਜ਼ੀ ਮੈਡੀਕਲ ਕਲੀਨਿਕਾਂ ਬਾਰੇ ਖ਼ਬਰਾਂ ਛਾਪੀਆਂ ਸਨ। ਪਹਿਲਾਂ ਤਾਂ ਨਾਜਾਇਜ਼ ਕਲੀਨਿਕ ਮਾਲਕਾਂ ਵੱਲੋਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ, ਪਰ ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਤ੍ਰਿਪੁਰਾ ਪੁਲਿਸ ਦੀ ਅਪੀਲ ਉੱਪਰ ਆਸਾਮ ਪੁਲਿਸ ਨੇ ਕਰੀਮਗੰਜ ਇਲਾਕੇ ਤੋਂ ਸਮ੍ਰਿਧੀ ਸਕੁਨੀਆ ਅਤੇ ਸਵਰਨ ਝਾਅ ਨਾਂ ਦੇ ਪੱਤਰਕਾਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇੱਕ ਨਿਊਜ਼-ਪੋਰਟਲ ਨਾਲ ਜੁੜੀਆਂ, ਦੋਵੇਂ ਰਿਪੋਰਟਰ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਹਾਲ ਹੀ ਵਿਚ ਹੋਈ ਫਿਰਕੂ ਹਿੰਸਾ ਨੂੰ ਕਵਰ ਕਰਨ ਲਈ ਤ੍ਰਿਪੁਰਾ ਆਈਆਂ ਸਨ ਅਤੇ ਉਹ ਆਸਾਮ ਦੇ ਸਿਲਚਰ ਵੱਲ ਐਤਵਾਰ ਨੂੰ ਸੜਕ ਰਸਤੇ ਜਾ ਰਹੀਆਂ ਸਨ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਇਸ ਮਾਮਲੇ ਤੇ ਆਈਜੇਯੂ ਦੇ ਪ੍ਰਧਾਨ ਸ੍ਰੀਨਿਵਾਸ ਰੈੱਡੀ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਤ੍ਰਿਪੁਰਾ ਸਰਕਾਰ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਪੱਤਰਕਾਰਾਂ ਸਮੇਤ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਡਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਆਵਾਜ਼ਾਂ ਦੇ ਖਿਲਾਫ ਬੇਰਹਿਮ ਕਾਨੂੰਨਾਂ ਤਹਿਤ ਇਸ ਤਰੀਕੇ ਨਾਲ ਪੱਤਰਕਾਰਾਂ ਤੇ ਮੁਕੱਦਮੇ ਦਰਜ ਕਰਨ ਨਾਲ ਆਵਾਜ਼ਾਂ ਦੱਬਣਗੀਆਂ ਨਹੀਂ, ਸਗੋਂ ਇਹ ਰੋਸ ਹੋਰ ਵੀ ਵਧੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 102 ਵਿਅਕਤੀਆਂ ‘ਤੇ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।