You are currently viewing ਸਟਾਫ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਦਾ ਡੇਂਗੂ ਵਾਰਡ ਖਾਲੀ
civil-daingue

ਸਟਾਫ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਦਾ ਡੇਂਗੂ ਵਾਰਡ ਖਾਲੀ

ਜਲੰਧਰ, 10 ਨਵੰਬਰ (ਕੇਸਰੀ ਨਿਊਜ਼ ਨੈਟਵਰਕ)-ਪੰਜਾਬ ਗੌਰਮਿੰਟ ਨਰਸਿਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਸਟਾਫ ਨਰਸਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੀਤੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਪੰਜਾਬ ਜੁਆਇੰਟ ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਿਹਤ ਕਾਮਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਹੜਤਾਲ ਜਾਰੀ ਰਹੇਗੀ। ਇਸ ਸਬੰਧੀ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਕਾਂਤਾ ਕੁਮਾਰੀ, ਵਾਈਸ ਪ੍ਰਧਾਨ ਪਲਵਿੰਦਰ ਕੌਰ, ਜਨਰਲ ਸਕੱਤਰ ਪਲਵਿੰਦਰ ਕੌਰ, ਖਜ਼ਾਨਚੀ ਸੁਖਜਿੰਦਰ ਕੌਰ ਤੇ ਪ੍ਰੈਸ ਸਕੱਤਰ ਜੁਗਰਾਜ ਸਿੰਘ ਨੇ ਦੱਸਿਆ ਕਿ ਸਟਾਫ ਨਰਸ ਦਾ ਪੇਅ ਗ੍ਰੇਡ ਜੋ 4600 ਤੋਂ 3200 ਕੀਤਾ ਗਿਆ ਹੈ, ਨੂੰ ਮੁੜ 4600 ਕੀਤਾ ਜਾਵੇ। ਨਰਸਿੰਗ ਕੇਅਰ ਭੱਤਾ ਦਿੱਤਾ ਜਾਵੇ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ।

ਸਟਾਫ ਨਰਸਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਬੁਰੀ ਤਰ੍ਹਾਂ ਗੜਬੜਾ ਗਈਆਂ ਹਨ। ਇਸ ਦਾ ਸਭ ਤੋਂ ਵੱਧ ਪ੍ਰਭਾਵ ਡੇਂਗੂ ਵਾਰਡ ’ਤੇ ਪਿਆ ਜਿਥੋਂ ਸਾਰੇ ਮਰੀਜ਼ ਹੋਰ ਹਸਪਤਾਲਾਂ ਨੂੰ ਚਲੇ ਗਏ ਹਨ ਅਤੇ ਡੇਂਗੂ ਵਾਰਡ ਖਾਲੀ ਹੋ ਗਿਆ ਹੈ। ਡਾ. ਅਦਿੱਤਿਆਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਕੇ 443 ਹੋ ਗਈ ਹੈ। ਜ਼ਿਲ੍ਹੇ ਵਿਚ ਹੁਣ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਧ ਰਹੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਹੋਰ ਸੂਬਿਆਂ ਦੇ ਮੁਕਾਬਲੇ ਜਲੰਧਰ ਦੀ ਸਥਿਤੀ ਬਿਹਤਰ ਹੈ।