You are currently viewing ਪੰਜਾਬ ’ਚ ਹੁਣ ਪੈਟਰੋਲ 95 ਰੁਪਏ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ
punjab-assembly

ਪੰਜਾਬ ’ਚ ਹੁਣ ਪੈਟਰੋਲ 95 ਰੁਪਏ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ

Chandigarh, 8 ਨਵੰਬਰ (KNN)- ਪੰਜਾਬ ਮੰਤਰੀ ਮੰਡਲ ਨੇ ਲੋਕਾਂ ਨੂੰ ਤੇਲ ਕੀਮਤਾਂ ’ਚ ਰਾਹਤ ਦੇਣ ਲਈ ਪੰਜਾਬ ’ਚ ਐਤਵਾਰ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ ’ਚ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੇ ਭਾਅ ’ਚ ਪੰਜ ਰੁਪਏ ਪ੍ਰਤੀ ਲਿਟਰ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ’ਚ ਹੁਣ ਪੈਟਰੋਲ 95 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਇਸ ਕਟੌਤੀ ਨਾਲ ਸਰਕਾਰੀ ਖ਼ਜ਼ਾਨੇ ਨੂੰ ਸਾਲਾਨਾ ਕਰੀਬ 3, 295 ਕਰੋੜ ਦਾ ਵਿੱਤੀ ਨੁਕਸਾਨ ਹੋਵੇਗਾ। ਪਹਿਲਾਂ ਕੇਂਦਰ ਸਰਕਾਰ ਨੇ 4 ਨਵੰਬਰ ਨੂੰ ਪੈਟਰੋਲ ਦੀ ਕੀਮਤ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ।

ਦੇਸ਼ ਭਰ ’ਚ ਪਹਿਲਾਂ 23 ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਤੇਲ ਕੀਮਤਾਂ ’ਚ ਕਟੌਤੀ ਕਰ ਚੁੱਕੇ ਹਨ।  ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ (ਯੂ.ਟੀ) ਵੱਲੋਂ ਤੇਲ ਕੀਮਤਾਂ ’ਚ ਕਟੌਤੀ ਕਰਨ ਮਗਰੋਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਵੀ ਤੇਲ ਦੇ ਭਾਅ ’ਤੇ ਵੈਟ ’ਚ ਕਟੌਤੀ ਕਰਨੀ ਪਈ ਹੈ।  ਪੰਜਾਬ ਹੁਣ 12ਵਾਂ ਰਾਜ ਬਣ ਗਿਆ ਹੈ ਜਿੱਥੇ ਪੈਟਰੋਲ ਦੀ ਕੀਮਤ 100 ਰੁਪਏ ਤੋਂ ਘੱਟ ਹੋ ਗਈ ਹੈ। 

ਪੰਜਾਬ ਕੈਬਨਿਟ ਦੀ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਤੇਲ ਕੀਮਤਾਂ ਵਿੱਚ ਕਟੌਤੀ ਦਾ ਫ਼ੈਸਲਾ ਲਿਆ ਗਿਆ ਹੈ।  ਮੁੱਖ ਮੰਤਰੀ ਚੰਨੀ ਨੇ ਦਾਅਵਾ ਕੀਤਾ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਛੱਡ ਕੇ ਖ਼ਿੱਤੇ ਵਿੱਚ ਸਭ ਤੋਂ ਘੱਟ ਤੇਲ ਕੀਮਤਾਂ ਹੁਣ ਪੰਜਾਬ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਟਰੋਲ ’ਤੇ ਵੈਟ ਦੀ ਦਰ 27.27 ਫ਼ੀਸਦੀ ਤੋਂ ਘਟਾ ਕੇ 15.15 ਫੀਸਦੀ ਕਰ ਦਿੱਤੀ ਹੈ ਜਦੋਂ ਕਿ ਡੀਜ਼ਲ ’ਤੇ ਵੈਟ ਦਰ 17.57 ਫੀਸਦੀ ਤੋਂ ਘਟਾ ਕੇ 10.91 ਫ਼ੀਸਦੀ ਕਰ ਦਿੱਤੀ ਹੈ। ਮੁੱਖ ਮੰਤਰੀ ਮੁਤਾਬਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਘਟਾਉਣ ਨਾਲ ਕ੍ਰਮਵਾਰ 1,352 ਕਰੋੜ ਅਤੇ 1943 ਕਰੋੜ ਦਾ ਮਾਲੀ ਨੁਕਸਾਨ ਹੋਵੇਗਾ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ’ਚ ਕਟੌਤੀ ਕਰਕੇ ਤੇਲ ਦੀ ਕੀਮਤ ਘਟਾਈ ਹੈ, ਉਸ ਵਿੱਚ 42 ਫ਼ੀਸਦੀ ਸੂਬਿਆਂ ਦੀ ਹਿੱਸੇਦਾਰੀ ਬਣਦੀ ਹੈ ਅਤੇ ਇਸ ਨਾਲ ਪੰਜਾਬ ਨੂੰ 8,56 ਕਰੋੜ ਦਾ ਮਾਲੀ ਨੁਕਸਾਨ ਹੋਇਆ ਹੈ।