You are currently viewing ਕੈਪਟਨ ਬਣਾਉਣਗੇ ਨਵੀਂ ਕਾਂਗਰਸ?
ਪੰਜਾਬ ਸਰਕਾਰ ਵਲੋਂ ਐਮਿਸ਼ਨ ਟਰੇਡਿੰਗ ਸਕੀਮ

ਕੈਪਟਨ ਬਣਾਉਣਗੇ ਨਵੀਂ ਕਾਂਗਰਸ?

ਕੈਪਟਨ ਬਣਾਉਣਗੇ ਨਵੀਂ ਕਾਂਗਰਸ?

ਚੰਡੀਗੜ੍ਹ ( ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਨਗੇ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕੈਪਟਨ ਇਸ ਦੌਰਾਨ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਕਈ ਕਾਂਗਰਸੀ ਵਿਧਾਇਕ ਵੀ ਨਵੀਂ ਪਾਰਟੀ ਦੇ ਗਠਨ ਸਮੇਂ ਅਮਰਿੰਦਰ ਸਿੰਘ ਨਾਲ ਸਟੇਜ ਸਾਂਝੀ ਕਰ ਸਕਦੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਦੀ ਸਿਆਸਤ ਵਿੱਚ ਆਪਣੇ ਅਗਲੇ ਕਦਮ ਬਾਰੇ ਵੱਡਾ ਐਲਾਨ ਕਰ ਸਕਦੇ ਹਨ। ਉਹ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਉਹ ਅਰੂਸਾ ਆਲਮ, ਬੀਐਸਐਫ ਅਤੇ ਖੇਤੀਬਾੜੀ ਕਾਨੂੰਨ ਵਰਗੇ ਗੰਭੀਰ ਮੁੱਦਿਆਂ ‘ਤੇ ਵੀ ਤਿੱਖੀ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਦੇ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ। ਹਾਈਕਮਾਂਡ ਸਮੇਤ ਕਈ ਧੜੱਲੇਦਾਰ ਆਗੂਆਂ ਨੇ ਵਿਧਾਇਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦੌਰਾਨ ਕੈਪਟਨ ਦੇ ਕਰੀਬੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਕੈਪਟਨ ਦੀ ਨਵੀਂ ਪਾਰਟੀ ਵਿੱਚ ਕਾਂਗਰਸ ਦਾ ਨਾਂ ਵੀ ਸ਼ਾਮਲ ਹੋਵੇਗਾ। ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਅਤੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਬਣਾਈ ਹੈ, ਉਸੇ ਤਰ੍ਹਾਂ ਕੈਪਟਨ ਵੀ ਆਪਣੀ ਪਾਰਟੀ ਦੇ ਨਾਂ ‘ਚ ਕਾਂਗਰਸ ਸ਼ਬਦ ਸ਼ਾਮਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਨਵੀਂ ਪਾਰਟੀ ਦੇ ਗਠਨ ਮੌਕੇ 10 ਤੋਂ ਵੱਧ ਕਾਂਗਰਸੀ ਵਿਧਾਇਕ ਵੀ ਕੈਪਟਨ ਨਾਲ ਮੰਚ ਸਾਂਝਾ ਕਰਨਗੇ, ਜਿਨ੍ਹਾਂ ‘ਚ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਸ਼ਾਮਲ ਹੋ ਸਕਦੀ ਹੈ।

ਮੇਰੇ ਸਮਰਥਕਾਂ ਨੂੰ ਮਿਲ ਰਹੀਆਂ ਹਨ ਧਮਕੀਆਂ : ਕੈਪਟਨ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਹੁਣ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਦਾ ਸਹਾਰਾ ਲਿਆ ਜਾ ਰਿਹਾ ਹੈ। ਮੈਂ ਆਪਣੇ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਮੈਨੂੰ ਇੰਨੀ ਨੀਵੇਂ ਪੱਧਰ ਦੀ ਸਿਆਸੀ ਖੇਡ ਨਾਲ ਨਹੀਂ ਹਰਾ ਸਕਦੇ।