You are currently viewing ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਐਮਓਯੂ ਸਹੀਬੱਧ
public-charging-systems

ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਐਮਓਯੂ ਸਹੀਬੱਧ

ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਵਾਸਤੇ ਐਮਓਯੂ ਸਹੀਬੱਧ
ਚੰਡੀਗੜ, 18 ਸਤੰਬਰ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਭਰ ਵਿੱਚ ਇਲੈਕਟਿ੍ਰਕ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਨੂੰ ਯਕੀਨੀ ਬਣਾਉਣ ਲਈ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਪੇਡਾ ਦਫਤਰ, ਚੰਡੀਗੜ ਵਿਖੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਅਧੀਨ ਪੀਐਸਯੂਜ਼ ਦੇ ਸਾਂਝੇ ਉੱਦਮ ਐਨਰਜੀ ਐਫੀਸ਼ੀਐਂਸੀ ਸਰਵਿਸਸ ਲਿਮਟਿਡ (ਈ.ਈ.ਐਸ.ਐਲ.) ਦੀ ਸਹਿਯੋਗੀ ਕਨਵਰਜੈਂਸ ਐਨਰਜੀ ਸਰਵਿਸਿਜ ਲਿਮਟਿਡ (ਸੀ.ਈ.ਐਸ.ਐਲ.) ਨਾਲ ਇੱਕ  ਐਮਓਯੂ (ਸਮਝੌਤਾ ਪੱਤਰ) ‘ਤੇ ਹਸਤਾਖਰ ਕੀਤੇ।  
ਸੂਬੇ ਵਿੱਚ ਈ-ਮੋਬਿਲਟੀ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਐਮਓਯੂ ‘ਤੇ ਹਸਤਾਖਰ ਕੀਤੇ ਗਏ ਹਨ। ਇਸ ਭਾਈਵਾਲੀ ਨਾਲ, ਸੀ.ਈ.ਐਸ.ਐਲ. ਆਪਣੇ ਈਵੀ ਟਰਾਂਜ਼ੀਸ਼ਨ ਪੋਰਟਫੋਲੀਓ ਦਾ ਵਿਸਤਾਰ ਕਰਨ ਅਤੇ ਰਾਜ ਵਿੱਚ ਸੁਖਾਲਾ ਅਤੇ ਕਿਫਾਇਤੀ ਚਾਰਜਿੰਗ ਬੁਨਿਆਦੀ ਢਾਂਚਾ ਮੁਹੱਈਆ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਸਾਂਝੇਦਾਰੀ ਪੰਜਾਬ ਵਿੱਚ 2/3/4 ਪਹੀਆ ਇਲੈਕਟਿ੍ਰਕ ਵਾਹਨਾਂ ਸਮੇਤ ਈ-ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ, ਵੱਖ-ਵੱਖ ਥਾਵਾਂ ‘ਤੇ ਜਨਤਕ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਲਈ ਰੂਪ ਰੇਖਾ ਤਿਆਰ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ “ਇਹ ਸਮਝੌਤਾ ਰਾਜ ਨੂੰ  ਈ-ਮੋਬਿਲਟੀ ਦੇ ਖੇਤਰ ਵਿੱਚ ਨਵੇਂ ਮੁਕਾਮ ਵੱਲ ਲੈ ਕੇ ਜਾਵੇਗਾ। ਪੰਜਾਬ ਹੌਲੀ-ਹੌਲੀ ਨਵੀਂ ਗਤੀਸ਼ੀਲਤਾ ਦੇ ਅਨੁਕੂਲ ਹੋ ਰਿਹਾ ਹੈ ਅਤੇ ਅਸੀਂ ਸੀ.ਈ.ਐਸ.ਐਲ. ਦੇ ਨਾਲ ਇਸ ਸਹਿਯੋਗ ਬਾਰੇ ਕਾਫੀ ਆਸਮੰਦ ਹਾਂ। ਸਾਡਾ ਮੰਨਣਾ ਹੈ ਕਿ ਇਹ ਇਲੈਕਟਿ੍ਰਕ ਵਾਹਨ ਵਰਤਣ ਦੇ ਵੱਡੇ ਏਜੰਡੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰੇਗਾ ਅਤੇ ਕਾਰਬਨ ਦੇ ਮਾਰੂ ਪ੍ਰਭਾਵਾਂ ਨੂੰ ਹੋਰ ਘਟਾਏਗਾ। ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਅੱਗੇ ਦੱਸਿਆ ਕਿ ਇਲੈਕਟਿ੍ਰਕ ਵਾਹਨਾਂ ਦੀ ਵਿਸ਼ਾਲ ਸ੍ਰੇਣੀ ਦੇ ਅਨੁਕੂਲ ਚਾਰਜਿੰਗ ਯੂਨਿਟਾਂ ਦੀ ਉਪਲਬਧਤਾ ਦੇ ਨਾਲ, ਪੰਜਾਬ  ਵਿੱਚ ਈ-ਮੋਬਿਲਟੀ ਅਪਣਾਉਣ ਲਈ ਉਤਸ਼ਾਹਤ ਕਰੇਗੀ। ਜਿਸ ਨਾਲ ਈਵੀ ਚਾਰਜਿੰਗ ਨੂੰ ਨਿਰਵਿਘਨ ਅਤੇ ਖਪਤਕਾਰਾਂ ਲਈ ਸੁਵਿਧਾਜਨਕ ਬਣਾਉਣ ਵਿੱਚ ਰਾਹ ਪੱਧਰਾ ਹੋਵੇਗਾ ਅਤੇ ਸੂਬੇ ਵਿੱਚ ਈ-ਮੋਬਿਲਟੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ।
ਇਸ ਮੌਕੇ ਸੀਈਐਸਐਲ ਦੇ ਕਲਸਟਰ ਹੈੱਡ (ਉੱਤਰੀ), ਰਜਨੀਸ਼ ਰਾਣਾ ਨੇ ਦੱਸਿਆ ਕਿ ਇਹ ਉਪਰਾਲਾ ਪੰਜਾਬ ਵਿੱਚ ਇਲੈਕਟਿ੍ਰਕ ਵਾਹਨਾਂ ਦੀ ਵਿਆਪਕ ਪ੍ਰਵਾਨਗੀ ਲਈ ਇੱਕ ਸੁਚੱਜਾ ਈ-ਚਾਰਜਿੰਗ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਇੱਕ ਪੁਲ ਵਜੋਂ ਕੰਮ ਕਰੇਗਾ।  ਉਨਾਂ ਅੱਗੇ ਕਿਹਾ “ਈ-ਮੋਬਿਲਟੀ ਵੱਲ ਮੁੜਨ ਲਈ  ਈਵੀ ਚਾਰਜਿੰਗ ਬੁਨਿਆਦੀ ਢਾਂਚੇ ਦਾ ਇੱਕ ਆਸਾਨ ਅਤੇ ਮਜਬੂਤ ਨੈਟਵਰਕ ਬਣਾਉਣਾ ਮਹੱਤਵਪੂਰਨ ਹੈ। ਇਹ ਨਾ ਸਿਰਫ ਸਾਨੂੰ ਨੈੱਟ-ਜੀਰੋ ਮਿਸ਼ਨ ਦੇ ਇੱਕ ਹੋਰ ਕਦਮ ਨੇੜੇ ਲੈ ਜਾਏਗਾ ਸਗੋਂ ਦੇਸ਼ ਦੇ ਆਵਾਜਾਈ ਖੇਤਰ ਵਿੱਚ ਨਵੀਨਤਾ ਲਿਆਉਣ ਵਿੱਚ ਵੀ ਮਦਦਗਾਰ ਸਾਬਿਤ ਹੋਵੇਗਾ। ਮੈਨੂੰ ਵਿਸਵਾਸ਼ ਹੈ ਕਿ ਪੇਡਾ ਦੇ ਸਹਿਯੋਗ ਨਾਲ, ਅਸੀਂ ਪੰਜਾਬ ਵਿੱਚ ਇੱਕ ਈਵੀ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਯੋਗ ਬਣ ਸਕਾਂਗੇ ।”    
ਜ਼ਿਕਰਯੋਗ ਹੈ ਕਿ ਪੇਡਾ(ਪੰਜਾਬ ਊਰਜਾ ਵਿਕਾਸ ਏਜੰਸੀ) ਜੋ ਕਿ ਪੰਜਾਬ ਸਰਕਾਰ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਵਿਭਾਗ ਦੀ ਰਾਜ ਨਿਰਧਾਰਤ ਏਜੰਸੀ ਹੋਣ ਦੇ ਨਾਤੇ, ਐਨਰਜੀ ਕਨਜ਼ਰਵੇਸ਼ਨ ਐਕਟ, 2001 ਨੂੰ ਲਾਗੂ ਕਰਦੀ ਆ ਰਹੀ ਹੈ, ਨੇ ਵੱਖ -ਵੱਖ ਖੇਤਰਾਂ ਜਿਵੇਂ ਇਮਾਰਤਾਂ, ਉਦਯੋਗਾਂ , ਨਗਰ ਪਾਲਿਕਾਵਾਂ, ਖੇਤੀਬਾੜੀ ਅਤੇ ਟਰਾਂਸਪੋਰਟ ਆਦਿ ਵਿੱਚ ਐਨਰਜੀ ਐਫੀਸ਼ੀਐਂਸੀ ਨੂੰ ਉਤਸਾਹਤ ਕਰਨ ਦੇ ਯਤਨ ਕੀਤੇ ਹਨ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਮੈਨੇਜਰ ਪਰਮਜੀਤ ਸਿੰਘ, ਪੇਡਾ ਦੇ ਪ੍ਰਾਜੈਕਟ ਇੰਜੀਨੀਅਰ ਮਨੀ ਖੰਨਾ ਅਤੇ ਸੀਈਐਸਐਲ ਦੇ ਸਟੇਟ ਹੈੱਡ ਚੰਦਰਸ਼ੇਖਰ ਸ਼ਾਮਲ ਸਨ।