You are currently viewing ਸੀਨੀਅਰ ਪੱਤਰਕਾਰਾਂ ਦੇ ਦਬਾਅ ਹੇਠ ਪੋਰਟਲ ਪੱਤਰਕਾਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Amarjit singh lovla press reporter

ਸੀਨੀਅਰ ਪੱਤਰਕਾਰਾਂ ਦੇ ਦਬਾਅ ਹੇਠ ਪੋਰਟਲ ਪੱਤਰਕਾਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

*ਸੀਨੀਅਰ ਪੱਤਰਕਾਰਾਂ ਦੇ ਦਬਾਅ ਹੇਠ ਪੋਰਟਲ ਪੱਤਰਕਾਰ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼*

*ਸ਼ਹਿਰ ਵਿਚ ਉੱਸਰ ਰਹੀਆਂ ਨਾਜਾਇਜ਼ ਕਲੋਨੀਆਂ ਤੇ ਇਮਾਰਤਾਂ ਦੀ ਕਵਰੇਜ ਨਵੇਂ ਪੱਤਰਕਾਰਾਂ ਨੂੰ ਪੈ ਰਹੀ ਮਹਿੰਗੀ*

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਜਲੰਧਰ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿਚ ਸਬੰਧਤ ਵਿਭਾਗਾਂ ਦੀ ਕਥਿੱਤ ਮਿਲੀਭੁਗਤ ਅਤੇ ਕੁਝ ਪੱਤਰਕਾਰਾਂ ਦੀ ਦੱਸੀ ਜਾ ਰਹੀ ਸਰਪ੍ਰਸਤੀ ਕਾਰਨ ਨਾਜਾਇਜ਼ ਇਮਾਰਤਾਂ ਅਤੇ ਕਲੋਨੀਆਂ ਦੀ ਉਸਾਰੀ ਦਾ ਧੰਦਾ ਜ਼ੋਰ ਸ਼ੋਰ ਨਾਲ ਵਧ ਫੁੱਲ ਰਿਹਾ ਹੈ। ਦੱਸਿਆ ਤਾਂ ਜਾ ਰਿਹਾ ਹੈ ਕਿ ਕਈ ਪੱਤਰਕਾਰ ਜੋ ਆਪਣੇ ਆਪ ਨੂੰ ਸੀਨੀਅਰ ਹੋਣ ਦਾ ਰੋਹਬ ਝਾੜਨ ਦਾ ਲੱਗਾ ਦਾਅ ਵੀ ਨਹੀਂ ਖੁੰਝਣ ਦਿੰਦੇ , ਦੀ ਤਾਂ ਇਹਨਾ ਨਾਜਾਇਜ ਧੰਦਾ ਕਰਕੇ ਸਰਕਾਰੀ ਮਾਲੀਏ ਨੂੰ ਮੋਟਾ ਚੂਨਾ ਲਗਾਉਣ ਵਾਲਿਆਂ ਨਾਲ ਬੁੱਕਲ ਵੀ ਸਾਂਝੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਆਏ ਦਿਨ ਨਾਜਾਇਜ਼ ਕਲੋਨੀਆਂ ਦੀ ਉਸਾਰੀ ਦੇ ਮਾਮਲੇ ਵਿਚ ਪੰਜਾਬ ਦੀ ਮੀਡੀਆ ਰਾਜਧਾਨੀ ਆਖੇ ਜਾਣ ਵਾਲੇ ਜਲੰਧਰ ਸ਼ਹਿਰ ਵਿਚ ਪੱਤਰਕਾਰ ਆਪਸ ਵਿਚ ਹੀ ਆਏ ਦਿਨ ਉਲਝੇ ਦਿਖਾਈ ਦਿੰਦੇ ਹਨ।  

ਹਾਲ ਹੀ ਵਿਚ ਡਿਜ਼ੀਟਲ ਪੱਤਰਕਾਰਾਂ ਦੀ ਇਕ ਸੰਸਥਾ ਨੂੰ ਵੀ ਸ਼ਹਿਰ ਦੀ ਇਕ ਅਖ਼ਬਾਰ ਵਲੋਂ ਨਿਸ਼ਾਨੇ ਉੱਪਰ ਲੈ ਲਿਆ ਗਿਆ ਸੀ ਕਿਉਂਕਿ ਉਸ ਸੰਸਥਾ ਨਾਲ ਸਬੰਧਤ ਕੁਝ ਪੱਤਰਕਾਰਾਂ ਨੇ ਸ਼ਹਿਰੀ ਵਿਕਾਸ ਅਥਾਰਟੀ ਖਿਲਾਫ਼ ਇਕ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਸੀ।  ਡਿਜ਼ੀਟਲ ਮੀਡੀਆ ਦੀ ਜਥੇਬੰਦੀ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਵਿਕਾਸ ਅਥਾਰਟੀ ਨਾਲ ਸਬੰਧਤ ਇਕ ਅਧਿਕਾਰੀ ਦੀ ਅਖ਼ਬਾਰ ਮਾਲਕਾਂ ਨਾਲ ਲਿਹਾਜ਼ਦਾਰੀ ਦੇ ਕਾਰਨ ਹੀ ਅਖ਼ਬਾਰ ਮਾਲਕ ਨੂੰ ਏਨਾ ਗੁੱਸਾ ਆ ਗਿਆ ਕਿ ਉਸਨੇ ਸਮੁੱਚੇ ਪੋਰਟਲਾਂ ਨਾਲ ਜੁੜੇ ਪੱਤਰਕਾਰਾਂ ਨੂੰ ਹੀ ਆਪਣੇ ਨਿਸ਼ਾਨੇ ਉੱਪਰ ਲੈ ਕੇ ਉਹਨਾ ਨੂੰ ਠੱਗ ਕਰਾਰ ਦੇਣਾ ਸ਼ੁਰੂ ਕਰ ਦਿੱਤਾ ਸੀ। ਅਖ਼ਬਾਰ ਮਾਲਕ ਦੀ ਇਸ ਹਰਕਤ ਉੱਪਰ ਪੋਰਟਲ ਪੱਤਰਕਾਰਾਂ ਦੀ ਸੰਸਥਾ ਵਲੋਂ ਕੀਤੀ ਗਈ ਜਵਾਬੀ ਫਾਇਰੰਗ ਵਿਚ ਵੀ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ।

ਕਿਸੇ ਨਾ ਕਿਸੇ ਤਰਾਂ ਇਹ ਮਾਮਲਾ ਤਾਂ ਠੰਡਾ ਹੋ ਗਿਆ। ਪਰ ਹੁਣ ਫਿਰ ਤੋਂ ਸ਼ਹਿਰ ਵਿਚ ਧੜਾਧੜ ਉੱਸਰ ਰਹੀਆਂ ਨਾਜਾਇਜ਼ ਕਲੋਨੀਆਂ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਹੁਣ ਮਾਮਲਾ ਏਨਾ ਗੰਭੀਰ ਹੋ ਗਿਆ ਕਿ ਗੱਲ ਇਕ ਪੋਰਟਲ ਨਾਲ ਜੁੜੇ ਪੱਤਰਕਾਰ ਵਲੋਂ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਤਕ ਪੁੱਜ ਗਈ।

ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਲਿਖੇ ਦੱਸੇ ਜਾਂਦੇ ਖੁਦਕੁਸ਼ੀ ਨੋਟ ਜਿਸ ਨੂੰ ਸੋਸ਼ਲ ਮੀਡੀਆ ਵਿਚ ਖੂਬ ਵਾਇਰਲ ਕੀਤਾ ਜਾ ਰਿਹਾ ਹੈ, ਵਿਚ ਅਮਰਜੀਤ ਸਿੰਘ ਲਵਲਾ ਦਾ ਦੋਸ਼ ਸੀ ਕਿ ਸ਼ਹਿਰ ਦੇ ਕੁਝ ਪੁਰਾਣੇ ਪੱਤਰਕਾਰ ਉਸ ਵੇਲੇ ਉਸਦੇ ਦੁਸ਼ਮਣ ਬਣ ਗਏ ਜਦੋਂ ਉਹ ਨਾਜਾਇਜ਼ ਉਸਾਰੀ ਦੀ ਕਵਰੇਜ ਕਰਨ ਲਈ ਜਲੰਧਰ ਦੀ 66 ਫੁੱਟੀ ਰੋਡ ਉੱਪਰ ਗਿਆ। ਇਮਾਰਤ ਦੇ ਕਥਿਤ ਮਾਲਕ ਨੇ ਉਸ ਕੋਲੋਂ ਪਛਾਣ ਪੱਤਰ ਦਿਖਾਉਣ ਦੇ ਬਹਾਨੇ ਉਸ ਦਾ ਕਾਰਡ ਖੋਹ ਲਿਆ।

ਉਸਨੇ ਇਸਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ  7 ਵਿਖੇ ਕੀਤੀ ਜਿੱਥੇ ਨਾਜਾਇਜ਼ ਉਸਾਰੀ ਕਰਨ ਵਾਲੇ ਮੁਲਜ਼ਮ ਦੇ ਹੱਕ ਵਿਚ ਕੁਝ ਵੱਡੇ ਅਦਾਰਿਆਂ ਨਾਲ ਜੁੜੇ ਪੱਤਰਕਾਰ ਆ ਗਏ ਅਤੇ ਉਸ ਦੀ ਹੱਕਰਸੀ ਹੋਣ ਵਿਚ ਵਿਘਨ ਪਾਇਆ। ਉਸ ਨੂੰ ਪੁਲਿਸ ਵਿਭਾਗ ਵਲੋਂ ਇਨਸਾਫ ਦੁਆਉਣ ਦੀ ਥਾਂ ਸੀਨੀਅਰ ਪੱਤਰਕਾਰ ਆਪਣੀ ਸੀਨੀਆਰਤਾ ਦੀ ਧੌਂਸ ਵਿਚ ਉਸ ਨਾਲ ਕਥਿਤ ਵਧੀਕੀ ਕਰ ਗਏ। ਏਨਾ ਹੀ ਨਹੀਂ ਵਾਇਰਲ ਖੁਦਕੁਸ਼ੀ ਨੋਟ ਅਨੁਸਾਰ  ਉਸ ਖਿਲਾਫ਼ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾ ਕੇ ਉਸ ਨੂੰ ਬਦਨਾਮ ਕਰਨਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ।  ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।

lovla suicide note
lovla suicide note

ਫਿਲਹਾਲ ਅਮਰਜੀਤ ਸਿੰਘ ਲਵਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੀ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਉੱਪਰ ਕਲਿੱਕ ਕਰੋ ਜੀ।