ਸਿਰਫ ਅੰਗੂਠਿਆਂ ‘ਤੇ 40 ਸਕਿੰਟਾਂ ਚ 40 ਡੰਡ ਮਾਰ ਬਣਾਇਆ ਵਿਸ਼ਵ ਰਿਕਾਰਡ
Harpreet singh @ vicky deol

ਸਿਰਫ ਅੰਗੂਠਿਆਂ ‘ਤੇ 40 ਸਕਿੰਟਾਂ ਚ 40 ਡੰਡ ਮਾਰ ਬਣਾਇਆ ਵਿਸ਼ਵ ਰਿਕਾਰਡ

Sultanpur Lodhi (K.S. Kaura)- ਆਪਣੇ ਰਿਕਾਰਡਾਂ ਰਾਹੀਂ ਪਹਿਲਾ ਵੀ ਕਈ ਵਾਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਨਾਮ ਰੌਸ਼ਨਾਉਣ ਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਨੇ ਆਪਣੀ ਸਖ਼ਤ ਮਿਹਨਤ ਸਦਕਾ ਇੱਕ ਨਵਾਂ ਇਤਿਹਾਸ ਸਿਰਜਕੇ ਨਗਰ ਦੇ ਮਾਣ ਨੂੰ ਹੋਰ ਵਧਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਅੰਤਰ ਰਾਸ਼ਟਰੀ ਖਿਡਾਰੀ ਵਿੱਕੀ ਦਿਓਲ ਨੇ 40 ਸਕਿੰਟਾਂ ਅੰਦਰ ਆਪਣੇ ਸਿਰਫ ਅੰਗੂਠਿਆਂ ਦੇ ਬੱਲ ਤੇ 40 ਡੰਡ ਲਗਾਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। 
ਇਸ ਵਿਚ ਹੋਰ ਵੀ ਖਾਸ ਗੱਲ ਇਹ ਹੈ ਕਿ ਇਹ ਡੰਡ ਉਨ੍ਹਾਂ ਵਲੋਂ ਤਿੰਨ ਫੁੱਟ ਉੱਚੀਆਂ ਤੇ ਇੱਕ ਇੰਚ ਚੌੜੀਆਂ ਤਿੰਨ ਲੋਹੇ ਦੀਆਂ ਰਾਡਾਂ ਉਪਰ ਲਗਾਏ ਗਏ ਹਨ, ਜਿੰਨਾ ਤੇ ਕੇਵਲ ਅੰਗੂਠੇ ਹੀ ਟਿਕਾਏ ਜਾ ਸਕਦੇ ਸਨ। ਇਸਦੇ ਨਾਲ ਹੀ ਇਥੇ ਦੱਸਣਾ ਜਰੂਰੀ ਹੈ ਕਿ ਡੰਡ ਲਗਾਉਣ ਸਮੇਂ ਉਨ੍ਹਾਂ ਵੱਲੋਂ ਆਪਣੀ ਇੱਕ ਲੱਤ ਨੂੰ ਹਵਾ ਵਿੱਚ ਰੱਖਿਆ ਗਿਆ ਅਤੇ ਇਸ ਸਾਰੇ ਕਾਰਜ ਤੋਂ ਬਾਅਦ ਇੱਕ ਨਵੇਂ ਵਿਸ਼ਵ ਰਿਕਾਰਡ ਨੂੰ ਹਾਸਿਲ ਕੀਤਾ ਗਿਆ ਹੈ। ਜਿਸ ਦੇ ਨਾਲ ਹੀ ਉਨ੍ਹਾਂ ਦੀ ਇਹ ਵਿਸ਼ਵ ਪੱਧਰੀ ਪ੍ਰਾਪਤੀ ਵਰਲਡ ਬੁੱਕ ਆਫ ਰਿਕਾਰਡਜ਼ ਲੰਡਨ(ਯੂਕੇ) ਵਿੱਚ ਦਰਜ ਹੋ ਗਈ ਹੈ।  
ਇਥੇ ਸੁਲਤਾਨਪੁਰ ਲੋਧੀ ਦੇ ਪ੍ਰੈੱਸ ਕਲੱਬ ਵਿਖੇ ਕਾਨਫਰੰਸ ਕਰਨ ਪੁੱਜੇ ਅੰਤਰਰਾਸ਼ਟਰੀ ਰਿਕਾਰਡ ਧਾਰੀ ਖਿਡਾਰੀ ਵਿੱਕੀ ਦਿਓਲ ਨੇ ਉਕਤ ਸੰਸਥਾ ਦੁਆਰਾ ਜਾਰੀ ਆਪਣੇ ਸਰਟੀਫਿਕੇਟ ਨੂੰ ਜਨਤਕ ਕਰਦਿਆਂ ਇਸਦੀ ਪੂਰੀ ਜਾਣਕਾਰੀ ਦਿੱਤੀ ਹੈ।