ਮੱਕੜ ਦੀ ਥਾਂ ਬਰਾੜ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਮੱਕੜ ਦੀ ਥਾਂ ਬਰਾੜ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

ਜਲੰਧਰ 16 ਅਗਸਤ (ਕੇਸਰੀ ਨਿਊਜ਼ ਨੈੱਟਵਰਕ)- ਵਿਧਾਨਸਭਾ ਹਲਕਾ ਜਲੰਧਰ ਕੈਂਟ ਤੋਂ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦਾ ਇੱਕ ਭਾਰੀ ਇਕੱਠ ਅੱਜ ਸਥਾਨਕ ਗੁਰਦੁਆਰਾ ਜੀਟੀਬੀ ਨਗਰ ਵਿੱਖੇ ਹੋਇਆ ਜਿੱਥੇ ਜਲੰਧਰ ਕੈਂਟ ਵਿਧਾਨਸਭਾ ਹਲਕੇ ਦੇ ਲੋਕਾਂ ਨੇ  ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਕੈਂਟ ਹਲਕੇ ਤੋਂ ਸਰਬਜੀਤ ਸਿੰਘ ਮੱਕੜ ਦੀ ਥਾਂ ਤੇ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਵਾਉਣ ਦੇ ਤੁਰੰਤ ਬਾਅਦ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਵਰਕਰਾਂ ਦਾ ਕਹਿਣਾ ਸੀ ਕਿ ਪਾਰਟੀ ਪ੍ਰਧਾਨ ਦਾ ਕਾਹਲੀ ਵਿੱਚ ਲਿਆ ਗਿਆ ਇਹ ਫ਼ੈਸਲਾ ਬਿਲਕੁੱਲ ਗ਼ਲਤ ਹੈ। ਜਿਸ ਨਾਲ ਕਿ ਇਸ ਹਲਕੇ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਗਏ ਹਨ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ, ਜਥੇਦਾਰ ਸੁਰਿੰਦਰ ਸਿੰਘ ਮਿਨਹਾਸ,ਸੌਦਾਗਰ ਸਿੰਘ ਔਜਲਾ, ਸੁਖਦੇਵ ਸਿੰਘ ਫਤਿਹਪੁਰ, ਸੁਰਜੀਤ ਸਿੰਘ ਚੀਮਾ, ਅਜਮੇਰ ਸਿੰਘ ਸਮਰਾਵਾਂ, ਪਹਿਲਵਾਲ ਸੁਖਬੀਰ ਸਿੰਘ ਜ਼ਮਸ਼ੇਰ, ਬਲਬੀਰ ਸਿੰਘ ਦੀਵਾਲੀ, ਰਣਧੀਰ ਬਾਹੀਆ,ਕਰਮਵੀਰ ਸਿੰਘ ਕੁੱਕੜ ਪਿੰਡ, ਸੁਰਜੀਤ ਸਿੰਘ ਚੀਮਾ ਆਦਿ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸਰਬਜੀਤ ਸਿੰਘ ਮੱਕੜ ਪਿੱਛਲੇ ਲੱਗਭਗ,ਸਾਢੇ 4 ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਆ ਰਹੇ ਹਨ ਅਤੇ ਉਹ ਇਸ ਅਰਸੇ ਦੌਰਾਨ ਹਲਕੇ ਦੇ ਹਰ ਵਿਅਕਤੀ ਦੇ ਖੁਸ਼ੀ ਗ਼ਮ ਦੇ ਪ੍ਰੋਗਰਾਮ ‘ਚ ਸ਼ਾਮਿਲ ਹੁੰਦੇ ਰਹੇ ਹਨ ਜਿਸ ਕਾਰਨ ਕਿ ਉਹ ਹਲਕੇ ਵਿੱਚ ਸੱਭ ਲੋਕਾਂ ਦੇ ਹਰਮਨ ਪਿਆਰੇ ਸਨ, ਉਹਨਾਂ ਇਹ ਵੀ ਦੱਸਿਆ ਕਿ ਭਾਵੇਂ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪਰ ਫਿਰ ਵੀ ਸ ਮੱਕੜ ਇਸ ਹਲਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸ ਸਿਰਫ ਪਹੁੰਚਾਂਦੇ ਹੀ ਨਹੀਂ ਰਹੇ ਸਗੋਂ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੂੰ ਪੂਰਾ ਵੀ ਕਰਵਾਂਦੇ ਰਹੇ ਹਨ।

ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਪਿੱਛਲੇ ਲੱਗ ਭਗ 35 ਸਾਲਾਂ ਤੋਂ ਸ ਮੱਕੜ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਉਹਨਾਂ ਨੇ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਘਰ ਘਰ ਪਹੁੰਚਾਂਦੇ ਰਹੇ ਹਨ।ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣੇ ਜਹੇ ਸ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਾਰੀ ਕੀਤੇ ਗਏ 13 ਨੁਕਾਤੀ ਪ੍ਰੋਗਰਾਮਾਂ ਨੂੰ ਵੀ ਆਮ ਜਨਤਾ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਹਨ।

ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਹਲਕੇ ਤੋਂ ਸ ਸਰਬਜੀਤ ਸਿੰਘ ਮੱਕੜ ਦੀ ਥਾਂ ਤੇ ਸ ਜਗਬੀਰ ਸਿੰਘ ਬਰਾੜ ਨੂੰ ਟਿਕਟ ਦੇਣ ਤੇ ਇਲਾਕੇ ਦੇ ਲੋਕਾਂ ‘ਚ ਕਾਫੀ ਨਾਰਾਜ਼ਗੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਅੰਤ ਵਿੱਚ ਉਪ੍ਰੋਕਤ ਆਗੂਆਂ ਅਤੇ ਵਿਧਾਨਸਭਾ ਹਲਕੇ ਦੇ ਲੋਕਾਂ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਪਣੇ ਫੈਸਲੇ ਦੇ ਪੁਨਰ ਵਿਚਾਰ ਕਰਦੇ ਹੋਏ, ਵਿਧਾਨਸਭਾ ਹਲਕੇ ਤੋਂ ਐਲਾਨ ਕੀਤੇ ਗਏ ਉਮੀਦਵਾਰ ਦੀ ਥਾਂ ਤੇ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੂੰ ਹੀ ਇਸ ਹਲਕੇ ਤੋਂ ਹੀ ਉਮੀਦਵਾਰ ਐਲਾਨ ਕਰਕੇ ਇਸ ਹਲਕੇ ਦੇ ਲੋਕਾਂ ਨੂੰ ਧੰਨਵਾਦੀ ਬਣਾਇਆ ਜਾਵੇ।