ਨਕਲੀ ਨੋਟ ਤਿਆਰ ਕਰਨ ਵਾਲੇ ਤਿੰਨ ਗ੍ਰਿਫ਼ਤਾਰ ਦੋ ਲੱਖ ਬਰਾਮਦ

ਨਕਲੀ ਨੋਟ ਤਿਆਰ ਕਰਨ ਵਾਲੇ ਤਿੰਨ ਗ੍ਰਿਫ਼ਤਾਰ ਦੋ ਲੱਖ ਬਰਾਮਦ

ਕੇਸਰੀ ਨਿਊਜ਼ ਨੈੱਟਵਰਕ –ਥਾਣਾ ਅਰਬਨ ਅਸਟੇਟ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਪਾਲ ਕੌਰ ਉਰਫ਼ ਪਾਲੀ ਵਾਸੀ ਪਾਤੜਾਂ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਅਰਨੇਟੂ ਤੇ ਗੁਰਦਾਪ ਸਿੰਘ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦਾ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੰਪਿਊਟਰ, ਪ੍ਰਿੰਟਰ, ਕੈਮੀਕਲ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 50 ਹਜ਼ਾਰ ਰੁਪਏ ਦੀ ਅਸਲ ਕਰੰਸੀ ਦੇ ਬਦਲੇ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਦਿੰਦੇ ਸਨ। ਵੀਰਵਾਰ ਨੂੰ ਵੀ ਮੁਲਜ਼ਮ ਜਾਅਲੀ ਕਰੰਸੀ ਦੇਣ ਜਾ ਰਹੇ ਸਨ, ਜਿਸ ਨੂੰ ਥਾਣਾ ਅਰਬਨ ਅਸਟੇਟ ਪੁਲਿਸ ਨੇ ਟੀ-ਪੁਆਇੰਟ ਪਿੰਡ ਚੌੜਾ ਤੋਂ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਗਲੀ ਨੰਬਰ ਤਿੰਨ ਹੀਰਾ ਬਾਗ ਵਿਚ ਕਿਰਾਏ ਦੇ ਮਕਾਨ ਵਿਚ ਨਕਲੀ ਕਰੰਸੀ ਨੋਟ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦਾ ਇਕ ਮੁਲਜ਼ਮ ਫਰਾਰ ਹੈ।