Red Alert: ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਚੈਕਿੰਗ
ਸੀ.ਪੀ. ਜਲੰਧਰ

Red Alert: ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਚੈਕਿੰਗ

Red Alert: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵੱਲੋਂ ਜਨਤਕ ਥਾਵਾਂ ’ਤੇ ਚੈਕਿੰਗ ਮੁਹਿੰਮ ਦੀ ਸ਼ੁਰੂਆਤ

ਜਲੰਧਰ, 10 ਅਗਸਤ (ਗੁਰਪ੍ਰੀਤ ਸਿੰਘ ਸੰਧੂ) –  ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ‘ਤੇ ਸਮੁੱਚੇ ਸ਼ਹਿਰ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ’ਤੇ ਚੈਕਿੰਗ ਮੁਹਿੰਮ ਚਲਾਈ ਗਈ।
ਮੁਹਿੰਮ ਦੀ ਅਗਵਾਈ ਕਰਦਿਆਂ ਸਹਾਇਕ ਕਮਿਸ਼ਨਰ ਪੁਲਿਸ (ਹੈਡਕੁਆਰਟਰ) ਸੁਭਾਸ਼ ਅਰੋੜਾ ਨੇ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵਲੋਂ ਕਿਸੇ ਵੀ ਕੀਮਤ ’ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।
ਸਹਾਇਕ ਕਮਿਸ਼ਨਰ ਪੁਲਿਸ ਨੇ ਅੱਗੇ ਦੱਸਿਆ ਕਿ ਐਂਟੀ ਸਾਬੋਤਾਜ਼ ਟੀਮ, ਸਪੈਸ਼ਲ ਆਪ੍ਰੇਸ਼ਨ ਗਰੁੱਪ, ਜ਼ਿਲ੍ਹਾ ਪੁਲਿਸ ਅਤੇ ਜੀ.ਆਰ.ਪੀ. ਪੁਲਿਸ ਵਲੋਂ ਸਾਂਝੇ ਤੌਰ ’ਤੇ ਰੇਲਵੇ ਸਟੇਸ਼ਨ ਅਤੇ ਹੋਰ ਨਾਜ਼ੁਕ ਥਾਵਾਂ ਦੀ ਜਾਂਚ ਕੀਤੀ ਗਈ ਹੈ। ਸ਼੍ਰੀ ਅਰੋੜਾ ਨੇ ਇਹ ਵੀ ਦੱਸਿਆ ਕਿ ਟੀਮ ਵੱਲੋਂ ਕੁਝ ਸਰਕਾਰੀ ਦਫ਼ਤਰਾਂ, ਬਜ਼ਾਰਾਂ ਅਤੇ ਧਾਰਮਿਕ ਥਾਵਾਂ ਸਮੇਤ ਜਿਥੇ ਲੋਕਾਂ ਦੀ ਜ਼ਿਆਦਾ ਆਮਦ ਰਹਿੰਦੀ ਹੈ, ਜਿਵੇਂ ਪਾਸਪੋਰਟ ਦਫ਼ਤਰ, ਅਦਾਲਤੀ ਕੰਪਲੈਕਸ, ਦੇਵੀ ਤਲਾਬ ਮੰਦਿਰ, ਰੈਣਕ ਬਜ਼ਾਰ, ਦਿਲਖੁਸ਼ਾ ਮਾਰਕਿਟ, ਬੱਸ ਅੱਡੇ ਦੀ ਜਾਂਚ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਿਥੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ, ਦੀ ਵੀ ਚੈਕਿੰਗ ਕੀਤੀ ਗਈ।
ਸਹਾਇਕ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਜਨਤਕ ਥਾਵਾਂ ’ਤੇ ਜਾਂਚ ਦੌਰਾਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਣੂੰ ਕਰਵਾਇਆ ਗਿਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਤੋਂ ਸੁਚੇਤ ਰਹਿਣ ਅਤੇ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਸਧਾਰਣ ਗਤੀਵਿਧੀ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੁਚਿਤ ਕੀਤਾ ਜਾਵੇ। ਪੁਲਿਸ ਟੀਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲਵਾਰਿਸ ਵਸਤੂਆਂ ਤੋਂ ਦੂਰ ਰਹਿਣ ਅਤੇ ਇਸ ਸਬੰਧੀ ਸੂਚਨਾ ਤੁਰੰਤ ਪੁਲਿਸ ਵਿਭਾਗ ਨੂੰ ਦੇਣ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਸਕੈਨ ਕੀਤਾ ਜਾ ਸਕੇ।