You are currently viewing ਜੰਡਿਆਲਾ ਗੁਰੂ ਸਟਾਕ ਮਾਮਲੇ ਵਿੱਚ ਦੋ ਹੋਰ ਅਧਿਕਾਰੀ ਮੁਅਤਲ
breaking news punjab logo

ਜੰਡਿਆਲਾ ਗੁਰੂ ਸਟਾਕ ਮਾਮਲੇ ਵਿੱਚ ਦੋ ਹੋਰ ਅਧਿਕਾਰੀ ਮੁਅਤਲ

ਖੁਰਾਕ ਮੰਤਰੀ ਵੱਲੋਂ ਜਾਂਚ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼
ਚੰਡੀਗੜ੍ਹ, 10 ਅਗਸਤ (ਕੇਸਰੀ ਨਿਊਜ਼ ਨੈੱਟਵਰਕ) –ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਅੱਜ ਜਾਰੀ ਕੀਤੇ ਗਏ ਹੁਕਮਾਂ ‘ਤੇ ਜੰਡਿਆਲਾ ਗੁਰੂ ਸਟਾਕ ਮਾਮਲੇ ਵਿੱਚ ਦੋ ਹੋਰ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ। 
ਅੱਜ ਮੁਅਤਲ ਕੀਤੇ ਅਧਿਕਾਰੀਆਂ ਵਿੱਚ ਚੈਰੀ ਭਾਟੀਆ, ਸਹਾਇਕ ਖੁਰਾਕ ਸਪਲਾਈ ਅਫ਼ਸਰ ਅਤੇ ਰਾਜਿੰਦਰ ਬੈਂਸ, ਨਿਰੀਖਕ ਸ਼ਾਮਲ ਹਨ। ਇਹਨਾਂ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਵੀ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ। 
ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਦੇ ਆਦੇਸ਼ਾਂ ‘ਤੇ ਜੰਡਿਆਲਾ ਗੁਰੂ ਸਟਾਕ ਘਾਟ ਮਾਮਲੇ ਵਿੱਚ ਪਹਿਲਾਂ ਵੀ ਦੋ ਅਧਿਕਾਰੀ ਮੁਅਤਲ ਕੀਤੇ ਜਾ ਚੁੱਕੇ ਹਨ। 
ਸ੍ਰੀ ਆਸ਼ੂ ਵੱਲੋਂ ਅੱਜ ਜਾਰੀ ਹੁਕਮਾਂ ਅਨੁਸਾਰ ਮੌਜੂਦਾ ਡਿਪਟੀ ਡਾਇਰੈਕਟਰ ਫੀਲਡ ਜਲੰਧਰ ਡਿਵੀਜ਼ਨ, ਫ਼ਸਲੀ ਸਾਲ 2018-19 ਤੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਰਹੇ ਸਾਰੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਜਿਨ੍ਹਾਂ ਵਿੱਚ ਸਤਵੀਰ ਸਿੰਘ ਮਾਵੀ, ਰਜਨੀਸ਼ ਕੁਮਾਰੀ, ਮੰਗਲ ਦਾਸ, ਲਖਵਿੰਦਰ ਸਿੰਘ, ਜਸਜੀਤ ਕੌਰ ਅਤੇ ਰਾਜ ਰਿਸ਼ੀ ਮਹਿਰਾ ਸ਼ਾਮਲ ਹਨ, ਹਿੰਮਾਸ਼ੂ ਕੱਕੜ, ਖੁਰਾਕ ਤੇ ਸਪਲਾਈ ਅਫ਼ਸਰ ਅਤੇ ਨਿਰੀਖਕ ਨਿਸ਼ਾਨ ਸਿੰਘ ਅਤੇ ਰਣਧੀਰ ਸਿੰਘ ਵਿਰੁੱਧ ਵੀ ਚਾਰਜਸ਼ੀਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। 
ਖੁਰਾਕ ਮੰਤਰੀ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਗੋਦਾਮਾਂ ਅਤੇ ਪਲਿੰਥਾਂ ਦੀ ਫਿਜੀਕਲ ਵੈਰੀਫਿਕੇਸ਼ਨ (ਪੀ.ਵੀ.) ਕਰਨ ਲਈ ਆਨਲਾਈਨ ਵਿਧੀ ਆਗਾਮੀ ਪੈਡੀ ਸੀਜ਼ਨ ਤੋਂ ਪਹਿਲਾਂ ਸਥਾਪਤ ਕੀਤੀ ਜਾਵੇ ਅਤੇ ਸਾਰੀਆਂ ਪੜਤਾਲਾਂ ਆਨਲਾਈਨ ਵਿਧੀ ਰਾਹੀਂ ਹੀ ਕੀਤੀਆਂ ਜਾਣ।
ਉਹਨਾਂ ਵਿਭਾਗ ਦੇ ਹਰ ਪੱਧਰ ਦੇ ਅਧਿਕਾਰੀਆਂ ਵੱਲੋਂ ਆਨਲਾਈਨ ਪੀ.ਵੀ. ਕਰਨ ਸਬੰਧੀ ਡਿਊਟੀਆਂ ਵੀ ਨਿਸ਼ਚਿਤ ਕਰ ਦਿੱਤੀਆਂ ਹਨ ਅਤੇ ਇਹ ਵੀ ਆਦੇਸ਼ ਦਿੱਤੇ ਕਿ ਜਿਹੜਾ ਅਧਿਕਾਰੀ ਸਮੇਂ ਸਿਰ ਪੀ.ਵੀ. ਨਹੀਂ ਕਰੇਗਾ, ਉਸ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਆਸ਼ੂ ਨੇ ਵਿਭਾਗ ਵੱਲੋਂ ਲਗਾਈ ਗਈ ਜਾਂਚ ਟੀਮ ਨੂੰ ਆਦੇਸ਼ ਦਿੱਤੇ ਕਿ ਉਹ ਇਸ ਮਾਮਲੇ ਸਬੰਧੀ ਜਾਂਚ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਨ ਤਾਂ ਜੋ ਸਾਰੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਹਨਾਂ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।