ਰੁਪਏ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗਣ ਵਾਲੇ ਗਰੋਹ ਦੇ 6 ਮੈਂਬਰ ਕਾਬੂ

ਰੁਪਏ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗਣ ਵਾਲੇ ਗਰੋਹ ਦੇ 6 ਮੈਂਬਰ ਕਾਬੂ

ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਜਲੰਧਰ ਪੁਲਿਸ ਦੇ ਸੀਆਈਏ ਸਟਾਫ ਨੇ ਆਮ ਜਨਤਾ ਨੂੰ ਉਹਨਾ ਦੇ ਰੁਪਏ ਦੁੱਗਣੇ ਤਿੱਗਣੇ ਕਰਕੇ ਦੇਣ ਦਾ ਲਾਲਚ ਦੇ ਕੇ ਉਹਨਾ ਨਾਲ ਠੱਗੀ ਮਾਰਨ ਵਾਲੇ ਗਰੋਹ ਨੂੰ ਬੇਨਕਾਬ ਕਰਕੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਜਿਲਾ ਜਲੰਧਰ ਦਿਹਾਤੀ ਦੇ ਐਸਪੀ ਇਨਵੈਸਟੀਕੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐਸਐਸਪੀ ਨਵੀਨ ਸਿੰਗਲਾ ਦੀ ਸੁਯੋਗ ਅਗਵਾਈ ਹੇਠ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਿਲ ਕੀਤੀ ਹੈ। ਉਹਨਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ -2 ਜਲੰਧਰ ਦਿਹਾਤੀ ਦੇ ਇੰਚਾਰਜ ਐਸ.ਆਈ. ਪੁਸ਼ਪ ਬਾਲੀ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਸੀ। ਮਿਲੀ ਸੂਚਨਾ ਦੇ ਆਧਾਰ ਤੇ ਕਸਬਾ ਗੋਰਾਇਆ ਦੇ ਮਾਰਕੀਟ ਕਮੇਟੀ ਦਫਤਰ ਨੇੜੇ ਛਾਪਾ ਮਾਰਿਆ ਗਿਆ ਤਾਂ ਮਾਰੂਤੀ ਰਿਟਜ਼ ਕਾਰ ਨੰਬਰੀ ਡੀ.ਐਲ.3ਸੀ ਬੀ.ਐਸ. 7342 ਵਿਚ ਸਵਾਰ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਉਹਨਾ ਦੀ ਤਲਾਸ਼ੀ ਦੌਰਾਨ ਇਕ ਲੱਖ ਰੁਪਏ ਦੇ ਭਾਰਤੀ ਕਰੰਸੀ ਦੇ ਨੋਟ, 11 ਥੱਦੀਆਂ ਜਿਹਨਾ ਉੱਪਰ ਅਸਲੀ ਨੋਟ ਅਤੇ ਵਿਚਾਲੇ ਕਾਗਜ਼ , 2 ਲੱਖ 80 ਹਜ਼ਾਰ ਰੁਪਏ ਦੇ ਫਰਜ਼ੀ ਭਾਰਤੀ ਮਨੋਰੰਜਨ ਬੈਂਕ ਦੇ ਨੋਟ ਅਤੇ ਦੋ ਕਿੱਟ ਬੈਗ ਬਰਾਮਦ ਹੋਏ।

ਪੁੱਛਗਿਛ ਕਰਨ ਤੇ ਕਾਬੂ ਵਿਅਕਤੀਆਂ ਦੀ ਪਛਾਣ ਦੀਨਾ ਨਾਥ ਚੌਧਰੀ ਪੁੱਤਰ ਰਾਮ ਚੰਦਰ ਵਾਸੀ ਤਿਲੇਗਿਰੀ ਥਾਣਾ ਬਹਿਰੀਆ ਜਿਲ੍ਹਾ ਬੇਤੀਆ ਬਿਹਾਰ, ਬਲੇਸ਼ਵਰ ਰਾਮ ਪੁੱਤਰ ਪ੍ਰਲਾਦ ਰਾਮ ਵਾਸੀ ਮੰਗਲਪੁਰ ਕਟਾਈ ਥਾਣਾ ਨੋਤਨ ਜਿਲ੍ਹਾ ਬੇਤੀਆ ਬਿਹਾਰ, ਘਨੱਈਆ ਪੁੱਤਰ ਲੇਖ ਰਾਜ ਵਾਸੀ ਤੇਲੂ ਥਾਣਾ ਨੇਤਨ ਜਿਲ੍ਹਾ ਬੇਤੀਆ ਬਿਹਾਰ,ਰਮੇਸ਼ ਚੌਧਰੀ ਪੁੱਤਰ ਭੋਲਾ ਚੌਧਰੀ ਵਾਸੀ ਬਿਜੂਆ ਪੱਛਮੀ ਚਮਪਾਰਨ ਥਾਣਾ ਬਹਿਰੀਆ ਜਿਲ੍ਹਾ ਬੇਤੀਆ ਬਿਹਾਰ,ਅਨੂਪ ਸ਼ਰਮਾ ਪੁੱਤਰ ਦਿਗਵਿਜੇ ਸ਼ਰਮਾ ਵਾਸੀ ਗੁਰੂ
ਅਮਰਦਾਸ ਨਗਰ ਨੇੜੇ ਵੈਸਨੋ ਮੰਦਿਰ ਬੈਕ ਸਾਇਡ,ਜਲੰਧਰ ਥਾਣਾ ਡਵੀਜਨ ਨੰ 1 ਜਲੰਧਰ ਅਤੇ ਅਤੁਲ ਬੱਬਰ ਪੁੱਤਰ ਵਿਜੇ ਬੱਬਰ ਵਾਸੀ ਗੁਰੂ ਅਮਰਦਾਸ ਨਗਰ ਜਲੰਧਰ ਹਾਲ ਵਾਸੀ ਵਿਵੇਕਾਨੰਦ ਪਾਰਕ
ਮਕਸੂਦਾ,ਥਾਣਾ ਡਵੀਜਨ ਨੰ 1 ਜਲੰਧਰ ਵਜੋਂ ਹੋਈ।

ਪੁਲਿਸ ਅਨੁਸਾਰ ਉਕਤ ਵਿਅਕਤੀਆਂ ਵਲੋਂ ਭਾਰਗੋ ਕੈਂਪ ਵਾਸੀ ਹਰਮਿੰਦਰ ਪਾਲ ਸਿੰਘ ਨਾਲ 75 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਪਤਾ ਲੱਗ ਚੁੱਕਾ ਹੈ ਜਦ ਕਿ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਦਿਆਂ ਅਗਲੇਰੀ ਜਾਂਚ ਪੜਤਾਲ ਤੇਜੀ ਨਾਲ ਚਲਾਈ ਜਾ ਰਹੀ ਹੈ।