You are currently viewing ਚੰਡੀਗੜ ਵਿਚ ਭਾਜਪਾ ਆਗੂਆਂ ਉੱਪਰ ਹਮਲਾ
ਚੰਡੀਗੜ ਵਿਚ ਭਾਜਪਾ ਆਗੂਆਂ ਉੱਪਰ ਸ਼ਰਾਰਤੀ ਅਨਸਰਾਂ ਕੀਤਾ ਹਮਲਾ

ਚੰਡੀਗੜ ਵਿਚ ਭਾਜਪਾ ਆਗੂਆਂ ਉੱਪਰ ਹਮਲਾ

ਚੰਡੀਗੜ੍ਹ, 17 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)- ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਆੜ ਹੇਠ ਕੁਝ ਸ਼ਰਾਰਤੀ ਲੋਕਾਂ ਨੇ ਚੰਡੀਗੜ੍ਹ ਦੀ ਸੈਕਟਰ 48 ਸਥਿਤ ਮੋਟਰ ਮਾਰਕੀਟ ਵਿਚ ਸ਼ਨਿਚਰਵਾਰ ਨੂੰ ਗੜਬੜ ਫੈਲਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਭਾਜਪਾ ਆਗੂਆਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ।

ਜਾਣਕਾਰੀ ਅਨੁਸਾਰ ਮੋਟਰ ਮਾਰਕੀਟ ਐਸੋਸੀਏਸ਼ਨ ਵੱਲੋਂ ਕਰਵਾਏ ਸਵਾਗਤੀ ਸਮਾਗਮ ‘ਚ ਪਹੁੰਚੇ ਚੰਡੀਗੜ੍ਹ ਦੇ ਸਾਬਕਾ ਭਾਜਪਾ ਪ੍ਰਧਾਨ ਤੇ ਹਿਮਾਚਲ ਦੇ ਸਹਿ-ਇੰਚਾਰਜ ਸੰਜੇ ਟੰਡਨ ਸਮੇਤ ਮੰਡਲ ਪ੍ਰਧਾਨ ਅਭੀ ਭਸੀਨ ਦੀ ਗੱਡੀ ਉੱਪਰ ਲਾਠੀਆਂ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਸ਼ਰਾਰਤੀਆਂ ਨੇ ਕਾਫੀ ਦੇਰ ਤਕ ਮੇਅਰ ਸਮੇਤ ਦੂਸਰੇ ਭਾਜਪਾ ਆਗੂਆਂ ਨੂੰ ਘੇਰੀ ਰੱਖਿਆ। ਮੌਜੂਦ ਪੁਲਿਸ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਮੇਅਰ ਸਮੇਤ ਭਾਜਪਾ ਆਗੂਆਂ ਨੂੰ ਹੰਗਾਮੇ ਵਿਚੋਂ ਬਾਹਰ ਕੱਢਿਆ। ਇਸ ਦੌਰਾਨ ਐੱਸਪੀ ਸਾਊਥ ਸ਼ਰੂਤੀ ਅਰੋੜਾ, ਸੈਕਟਰ 49 ਥਾਣਾ ਇੰਚਾਰਜ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ।

ਕੇਸਰੀ ਵਿਰਾਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੈਕਟਰ 48 ਦੀ ਮੋਟਰ ਮਾਰਕੀਟ ਵਿਚ ਇਕ ਕਬ਼ਜ਼ਾ ਹਟਾਊ ਮੁਹਿੰਮ ਚਲਾਈ ਗਈ ਸੀ। ਇਸ ਵਿਚ ਚੰਡੀਗੜ੍ਹ ਭਾਜਪਾ ਤੇ ਨਗਰ ਨਿਗਮ ਵੱਲੋਂ ਮਾਰਕੀਟ ਐਸੋਸੀਏਸ਼ਨ ਨੂੰ ਕਾਫੀ ਮਦਦ ਦਿੱਤੀ ਗਈ ਸੀ। ਇਸੇ ਕਾਰਨ ਮਾਰਕੀਟ ਐਸੋਸੀਏਸ਼ਨ ਵੱਲੋਂ ਮੇਅਰ ਸਮੇਤ ਹੋਰ ਭਾਜਪਾ ਆਗੂਆਂ ਦਾ ਧੰਨਵਾਦ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ ਸੀ।

ਚੰਡੀਗੜ੍ਹ ਭਾਜਪਾ ਦੇ ਮੰਡਲ ਪ੍ਰਧਾਨ ਅਭੀ ਭਸੀਨ ਨੇ ਦੱਸਿਆ ਕਿ ਮਾਰਕੀਟ ਐਸੋਸੀਏਸ਼ਨ ਵੱਲੋਂ ਪ੍ਰੋਗਰਾਮ ਦਾ ਸਮਾਂ 10 ਵਜੇ ਨਿਰਧਾਰਤ ਕੀਤਾ ਗਿਆ ਸੀ। ਸਵੇਰੇ 11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ 1 ਘੰਟਾ ਚੱਲਣ ਤੋਂ ਬਾਅਦ 12 ਵਜੇ ਖ਼ਤਮ ਹੋਇਆ। ਇਸ ਦੌਰਾਨ ਸਭ ਕੁਝ ਚੰਗਾ ਚੱਲ ਰਿਹਾ ਸੀ ਤੇ ਮਾਹੌਲ ਸ਼ਾਂਤ ਸੀ। ਥੋੜ੍ਹੀ ਹੀ ਦੇਰ ‘ਚ ਤਕਰੀਬਨ 400 ਸ਼ਰਾਰਤੀ ਹਰੀਆਂ ਪੱਗਾਂ ਬੰਨੀ ਲਾਠੀਆਂ ਤੇ ਪੱਥਰ ਲੈ ਕੇ ਸੰਜੇ ਟੰਡਨ, ਰਵੀਕਾਂਤ ਸਮੇਤ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ‘ਤੇ ਹਮਲਾ ਵੀ ਕਰ ਦਿੱਤਾ। ਇਸ ਵਿਚ ਮੇਅਰ ਦੀ ਗੱਡੀ ਸਭ ਤੋਂ ਜ਼ਿਆਦਾ ਨੁਕਸਾਨੀ ਗਈ ਜਦਕਿ ਸੰਜੇ ਟੰਡਨ ਦੀ ਗੱਡੀ ਦੇ ਪਿੱਛੇ ਵਾਲੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ ਘਟਨਾ ਵਿਚ ਕਿਸੇ ਨੂੰ ਕੋਈ ਗੰਭੀਰ ਸੱਟ ਲੱਗਣ ਤੋਂ ਬਚਾਅ ਹੋ ਗਿਆ।