ਬਿੱਲਾ-ਰੰਗਾ ਤੋਂ ਬਾਅਦ ਜਬਰ ਜਨਾਹ ਦੇ ਦੋਸ਼ੀ ਸੋਨੂੰ-ਮੋਨੂੰ ਵੀ ਚਰਚਾ ਵਿਚ
ਗਿਰਫਤਾਰ ਵਿਅਕਤੀ ਨੂੰ ਲੱਗੀ ਹੱਥਕੜੀ

ਬਿੱਲਾ-ਰੰਗਾ ਤੋਂ ਬਾਅਦ ਜਬਰ ਜਨਾਹ ਦੇ ਦੋਸ਼ੀ ਸੋਨੂੰ-ਮੋਨੂੰ ਵੀ ਚਰਚਾ ਵਿਚ

Amritsar (kesari news network)- ਜਦੋਂ ਵੀ ਜਬਰ ਜਨਾਹ ਦੀ ਗੱਲ ਚਲਦੀ ਹੈ ਤਾਂ ਪਿਛਲੇ ਦਹਾਕੇ ਦੌਰਾਨ ਰਾਜਧਾਨੀ ਦਿੱਲੀ ਵਿਚ ਇਕ ਕਾਰ ਅੰਦਰ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਨਾਮ ਮੁਲਜ਼ਮ ਬਿੱਲਾ-ਰੰਗਾ ਦਾ ਜ਼ਿਕਰ ਸਹਿਜੇ ਹੀ ਸਾਹਮਣੇ ਆ ਜਾਂਦਾ ਹੈ। ਇਸੇ ਤਰਜ਼ ਤੇ ਅੰਮ੍ਰਿਤਸਰ ਦੇ ਝਬਾਲ ਖੇਤਰ ਵਿਚ ਸੋਨੂੰ ਅਤੇ ਮੋਨੂ ਨਾਂ ਦੇ ਦੋ ਮੁਲਜ਼ਮ ਅੱਜਕੱਲ ਚਰਚਾ ਵਿਚ ਹਨ।

ਜਾਣਕਾਰੀ ਅਨੁਸਾਰ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ ਉੱਪਰ ਪਿੰਡ ਚੀਮਾ ਕਲਾਂ ਵਾਸੀ ਇਕ ਕੁੜੀ ਨੇ ਕੁੱਟਮਾਰ ਅਤੇ ਜਬਰ-ਜਨਾਹ ਕਰਨ ਦੇ ਦੋਸ਼ ਲਾਏ ਹਨ। ਇਸ ਬਾਰੇ ਪੀੜਤ ਕੁੜੀ ਨੇ ਇਲਜ਼ਾਮ ਲਗਾਇਆ ਕਿ 21 ਜੂਨ ਨੂੰ ਮੁਨੀਸ਼ ਕੁਮਾਰ ਉਰਫ਼ ਮੋਨੂੰ ਚੀਮਾ ਉਸ ਨੂੰ ਅੰਮ੍ਰਿਤਸਰ ਦੇ ਗੁਰਦੁਆਰੇ ਕੋਲੋਂ ਅਗਵਾ ਕਰਕੇ ਇੱਕ ਸਵਿਮਿੰਗ ਪੂਲ ਵਿਖੇ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ।

ਇਸ ਸਬੰਧੀ ਉਸ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਸ ਨੂੰ ਧਮਕੀਆਂ ਦਿੰਦੇ ਰਹੇ। ਸਵੇਰ ਸਮੇਂ ਮਲਕੀਤ ਸਿੰਘ ਨਾਂ ਦੇ ਵਿਅਕਤੀ ਨੇ ਉਨ੍ਹਾਂ ਨੂੰ ਸੋਨੂੰ ਚੀਮਾ ਦੇ ਫਾਰਮ ’ਤੇ ਬੁਲਾਇਆ, ਜਿੱਥੇ ਉਹ ਆਪਣੀ ਮਾਤਾ ਨਾਲ ਗਈ। ਇਨ੍ਹਾਂ ਵਿਅਕਤੀਆਂ ਨੇ ਉਥੇ ਮੂੰਹ ਬੰਦ ਰੱਖਣ ਦੀ ਤਾੜਨਾ ਕੀਤੀ ਅਤੇ ਧਮਕੀਆਂ ਦਿੱਤੀਆਂ। ਏਨਾ ਹੀ ਨਹੀਂ ਇਕ ਕਮਰੇ ਵਿਚ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ ਗਈ।

ਇਸ ਸਬੰਧੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਕੁੜੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਸਰਾਏ ਅਮਾਨਤ ਖਾਂ ਵਿਚ ਧਾਰਾ 354, 323, 506, 34 ਆਈਪੀਸੀ ਦੇ ਤਹਿਤ ਮੁਨੀਸ਼ ਕੁਮਾਰ ਮੋਨੂੰ ਚੀਮਾ ਅਤੇ ਅਵਨ ਕੁਮਾਰ ਸੋਨੂੰ ਚੀਮਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਬਰਜਨਾਹ ਦੇ ਦੋਸ਼ਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਦੀ ਕਾਰਵਾਈ ਥਾਣਾ ਛੇਹਰਟਾ ਖੇਤਰ  ਦੀ ਹੋਣ ਕਾਰਨ ਉਥੇ ਵੱਖਰਾ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾਵੇਗੀ।