You are currently viewing ਜਲੰਧਰ ਵਿਚ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟੇ
ਲੁੱਟ ਦੀ ਵਾਰਦਾਤ

ਜਲੰਧਰ ਵਿਚ ਦਿਨ ਦਿਹਾੜੇ ਬੰਦੂਕ ਦੀ ਨੋਕ ‘ਤੇ ਸੋਨੇ ਦੇ ਗਹਿਣੇ ਲੁੱਟੇ

ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਇੱਥੋਂ ਦੇ ਕੁੱਕੀ ਢਾਬ ਖੇਤਰ ਵਿਚ ਦਿਨ ਦਿਹਾੜੇ 3 ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਲੁੱਟ ਲਏ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਐਕਟਿਵਾ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀ ਖ਼ਬਰ ਮਿਲਦਿਆਂ ਸਾਰ ਥਾਣਾ ਡਵੀਜ਼ਨ 7 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਿਆਨ ਦਰਜ ਕੀਤੇ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿਚ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਲੁਟੇਰਿਆਂ ਵਿਚੋਂ ਇਕ ਮਠਿਆਈ ਦੇ ਡੱਬੇ ਨਾਲ ਵਿਆਹ ਦਾ ਸੱਦਾ ਦੇਣ ਦੇ ਬਹਾਨੇ ਘਰ ਆਇਆ ਸੀ।

ਘਰ ਦੀ ਮਾਲਕਣ ਸ਼ਾਰਦਾ ਅਗਰਵਾਲ ਨੇ ਦੱਸਿਆ ਕਿ ਉਸ ਦੇ ਘਰ ਦਾ ਗੇਟ ਦੁਪਹਿਰੇ ਖੁੱਲ੍ਹਾ ਸੀ ਅਤੇ ਪੁੱਤਰ ਅੰਦਰ ਆਰਾਮ ਕਰ ਰਿਹਾ ਸੀ। ਤਿੰਨ ਆਦਮੀ ਅੰਦਰ ਆਏ ਅਤੇ ਉਸਦੇ ਪੁੱਤਰ ਬਾਰੇ ਪੁੱਛਿਆ। ਉਸਨੇ ਅਵਾਜ਼ ਨਾਲ ਆਪਣੇ ਬੇਟੇ ਅਨਿਲ ਨੂੰ ਅੰਦਰੋਂ ਬੁਲਾਇਆ। ਜਿਉਂ ਹੀ ਅਨਿਲ ਬਾਹਰ ਆਇਆ, ਉਨ੍ਹਾਂ ਨੇ ਉਸਦੇ ਮੱਥੇ ‘ਤੇ ਬੰਦੂਕ ਰੱਖ ਦਿੱਤੀ ਅਤੇ ਧਮਕੀ ਦਿੱਤੀ ਕਿ ਜੇ ਉਸਨੇ ਰੌਲਾ ਪਾਇਆ ਤਾਂ ਉਸਨੂੰ ਗੋਲੀ ਮਾਰ ਦਿੱਤੀ ਜਾਵੇਗੀ।

ਉਸਨੂੰ ਡਰਾਉਣ ਲਈ, ਉਸ ਦੇ ਦੰਦੀਆਂ ਵੀ ਵੱਢੀਆਂ ਗਈਆਂ। ਇਸ ਤੋਂ ਬਾਅਦ ਅੰਦਰੋਂ ਸੋਨੇ ਦੀਆਂ ਚੂੜੀਆਂ, ਦੋ ਮੁੰਦਰੀਆਂ ਅਤੇ ਹੋਰ ਸੋਨੇ ਦੇ ਗਹਿਣੇ ਲੈ ਕੇ ਉਹ ਸਿਰਫ 5 ਮਿੰਟਾਂ ਵਿਚ ਪੂਰੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਸ ਵਕਤ ਗੁਆਂਢ ਵਿਚ ਰਹਿਣ ਵਾਲੀ ਔਰਤ ਗੇਟ ਬੰਦ ਕਰਕੇ ਗੁਰਦੁਆਰਾ ਸਾਹਿਬ ਜਾ ਰਹੀ ਸੀ। ਉਸਨੇ 3 ਨੌਜਵਾਨਾਂ ਨੂੰ ਐਕਟਿਵਾ ‘ਤੇ ਜਾਂਦੇ ਹੋਏ ਵੇਖਿਆ। ਇੰਨੇ ਵਿੱਚ ਸ਼ਾਰਦਾ ਅਤੇ ਅਨਿਲ ਭੱਜਦੇ ਹੋਏ ਆਏ ਅਤੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਲੁੱਟ ਲਿਆ ਹੈ।