ਕੇਜਰੀਵਾਲ ਦਾ ਵੱਡਾ ਐਲਾਨ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਸਿੱਖ ਚੇਹਰਾ
ਆਮ ਆਦਮੀ ਪਾਰਟੀ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਿਲ ਕਰਦੇ ਹੋਏ ਅਰਵਿੰਦ ਕੇਜਰੀਵਾਲ

ਕੇਜਰੀਵਾਲ ਦਾ ਵੱਡਾ ਐਲਾਨ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਸਿੱਖ ਚੇਹਰਾ

ਅੰਮ੍ਰਿਤਸਰ, 21 ਜੂਨ – ਪੰਜਾਬ ਵਿਚ ਆਮ ਆਦਮੀ ਪਾਰਟੀ ਨੇ 2022 ਵਿਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੀ ਮਜ਼ਬੂਤ ਦਾਅਵੇਦਾਰੀ ਰੱਖਦੇ ਹੋਏ ਪੰਜਾਬ ਦਾ ਮੁੱਖ ਮੰਤਰੀ ਸਿੱਖ ਭਾਈਚਾਰੇ ਵਿਚੋਂ ਹੋਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਕਈ ਚਿਹਰਿਆਂ ਦੇ ਨਾਂਅ ‘ਤੇ ਮੰਥਨ ਚਲ ਰਿਹਾ ਅਤੇ ਫਾਈਨਲ ਚਿਹਰੇ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਕੇਜਰੀਵਾਲ ਇੱਥੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਬਣੀ ਐੱਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੱਘ ਨੂੰ ਪਾਰਟੀ ਵਿਚ ਸ਼ਾਮਿਲ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਅਰਵਿੰਦ ਕੇਜਰੀਵਾਲ ਵਲੋਂ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਚ ਕੀਤੀ ਪ੍ਰੈੱਸ ਵਾਰਤਾ ਵਿਚ ਕਈ ਅਹਿਮ ਐਲਾਨ ਕੀਤੇ ਗਏ।

ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਬਰਗਾੜੀ ਦੇ ਮਾਸਟਰ ਮਾਇੰਡ ਖੁਲ੍ਹੇਆਮ ਘੁੰਮ ਰਹੇ ਹਨ। ਅਸੀਂ  ਬਰਗਾੜੀ ਦੇ ਮਾਸਟਰ ਮਾਇੰਡ ਨੂੰ ਸਜਾ ਦਿਵਾਵਾਂਗੇ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੇਤਾਵਾਂ ਦੀ ਪਾਰਟੀ ਨਹੀਂ ਹੈ । ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ, ਅਸੀਂ ਸਮਾਜ ਦੀ ਖਾਤਿਰ ਆਏ ਹਾਂ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਦੀ ਦੂਜੀ ਪਾਰਟੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਹੋਈ ਹੈ । ਪੰਜਾਬ ਦੀ ਤੀਜੀ ਪਾਰਟੀ ਨੂੰ ਲੋਕ ਮੁਹੱਲੇ ਵਿਚ ਵੜ੍ਹਨ ਨਹੀਂ ਦਿੰਦੇ। 

ਕਾਂਗਰਸ ਪਾਰਟੀ ਦੀ ਅਜੋਕੀ ਦਸ਼ਾ ਬਾਰੇ ਵਿਅੰਗ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਲੋਕ ਕੁਰਸੀ ਲਈ ਕੁੱਤਿਆਂ ਬਿੱਲਿਆਂ ਵਾਂਗ ਲੜ੍ਹ ਰਹੇ ਹਨ।  ਉਹਨਾ ਸਪਸ਼ਟ ਕੀਤਾ ‘ਆਪ’ ਦਾ ਮੁੱਖ ਮੰਤਰੀ ਸਿੱਖ ਸਮਾਜ ਤੋਂ ਹੋਵੇਗਾ।

ਇਕ ਸਵਾਲ ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਕਦਰ ਕਰਦੇ ਹਨ। ਜਦ ਕਿ ਉਹਨਾ ਭਰੋਸਾ ਦੁਆਇਆ ਕਿ ਉਹ ਪੰਜਾਬ ਦੀ ਦਸ਼ਾ ਤੇ ਦਿਸ਼ਾ ਬਦਲਣਗੇ। ਪੰਜਾਬ ਦੇ ਲੋਕ ਬਦਲਾਵ ਚਾਹੁੰਦੇ ਹਨ, ਪੰਜਾਬ ਦੇ ਲੋਕ ਮੁਫਤ ਬਿਜਲੀ ਚਾਹੁੰਦੇ ਹਨ। ਆਪ ਦੀ ਸਰਕਾਰ ਆਉਣ ‘ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਵੀ ਦਿਵਾਵਾਂਗੇ।

ਇਸ ਤੋਂ ਪਹਿਲਾਂ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਕਿ ਉਹ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਲਈ ਆਮ ਆਦਮੀਆਂ ਦੀ ਪਾਰਟੀ ਆਪ ਵਿਚ ਸ਼ਾਮਿਲ ਹੋਏ ਹਨ। ਉਹ ਦੱਸਣਗੇ ਕਿ ਰਾਜਨੀਤੀ ਕੀ ਹੁੰਦੀ ਹੈ। ਉਹਨਾ ਦਾਅਵਾ ਕੀਤਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਚ ਹਰ ਪਾਸੇ ਖੁਸ਼ਹਾਲੀ ਰਹੇਗੀ। ਸਭ ਨੂੰ ਇਨਸਾਫ਼ ਦਿੱਤਾ ਜਾਵੇਗਾ।

ਇਸ ਮੌਕੇ ਐਮਪੀ. ਭਗਵੰਤ ਮਾਨ, ਵਿਰੋਧੀ ਧਿਰ ਆਗੂ ਚੀਮਾ, ਪੰਜਾਬ ਇੰਚਾਰਜ ਜਰਨੈਲ ਸਿੰਘ ਆਦਿ ਵੀ ਮੌਜੂਦ ਸਨ।