ਪਟਿਆਲਾ ਤੋਂ ਭਾਜਪਾ ਆਗੂ ਗੁਰਤੇਜ ਢਿੱਲੋਂ ਨੇ ਫੜੀ ਬਠਿੰਡਾ ਦੇ ਕਿਸਾਨਾਂ ਦੀ ਬਾਂਹ
ਪਟਿਆਲਾ ਤੋਂ ਆ ਕੇ ਬਠਿੰਡਾ ਦੇ ਕਿਸਾਨਾ ਦੇ ਹੱਕ ਵਿਚ ਖੜੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ।

ਪਟਿਆਲਾ ਤੋਂ ਭਾਜਪਾ ਆਗੂ ਗੁਰਤੇਜ ਢਿੱਲੋਂ ਨੇ ਫੜੀ ਬਠਿੰਡਾ ਦੇ ਕਿਸਾਨਾਂ ਦੀ ਬਾਂਹ

ਬਠਿੰਡਾ, 7 ਜੂਨ (ਕੇਸਰੀ ਨਿਊਜ਼ ਨੈੱਟਵਰਕ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਦੇ ਵਰਕਿੰਗ ਸਟਾਇਲ ਦੇ ਚਰਚੇ ਪਟਿਆਲਾ ਹੀ ਨਹੀਂ ਬਲਕਿ ਪੂਰੇ ਪੰਜਾਬ ਅੰਦਰ ਹਨ। ਭਾਜਪਾ ਆਗੂ ਗੁਰਤੇਜ ਢਿੱਲੋਂ ਦੇ ਵਰਕਿੰਗ ਸਟਾਇਲ  ਨੂੰ ਦੇਖਦਿਆਂ ਬਠਿੰਡਾ ਤੋਂ ਜ਼ਿਲ੍ਹੇ ਦੇ ਕਿਸਾਨਾਂ ਦਾ ਇਕ ਵਫ਼ਦ ਉਨ੍ਹਾਂ ਨੂੰ ਬੀਤੇ ਦਿਨੀਂ ਪਟਿਆਲਾ ਵਿਖੇ ਮਿਲਿਆ, ਜਿਨ੍ਹਾਂ ਦੇ ਸੱਦੇ ’ਤੇ ਅੱਜ ਉਨ੍ਹਾਂ ਪੀੜਤ ਕਿਸਾਨਾਂ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਂ ਇਕ ਮੰਗ ਪੱਤਰ ਬਠਿੰਡਾ ਦੇ ਮਿਉਂਸਪਲ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਨੂੰ ਸੌਂਪਿਆ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਵਪਾਰਕ ਜਾਇਦਾਦਾਂ ਨੂੰ ਖੇਤੀਬਾੜੀ ਦਰਸਾ ਕੇ ਕੇਂਦਰ ਨੂੰ ਰਿਪੋਰਟ ਕਿਵੇਂ ਭੇਜ ਦਿੱਤੀ, ਜਿਸ ਦੀ ਰਿਪੋਰਟ ਦੀ ਕਾਪੀ ਦਿੱਤੀ ਜਾਵੇ ਤਾਂ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਧਿਆਨ ਵਿਚ ਲਿਆ ਕੇ ਇਨ੍ਹਾਂ ਨੂੰ ਰੱਦ ਕਰਵਾਇਆ ਜਾ ਸਕੇ ਅਤੇ ਨਵੇਂ ਐਵਾਰਡ ਪਾਸ ਕਰਵਾਉਣ ਲਈ ਆਰਡਰ ਕਰਵਾਇਆ ਜਾ ਸਕੇ।
 ਭਾਜਪਾ ਆਗੂ ਸ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਬਠਿੰਡਾ ਜ਼ਿਲ੍ਹੇ ਵਿਚੋਂ ਲੰਘਦੇ ਨੈਸ਼ਨਲ ਹਾਈਵੇਅ 54ਏ ਜੋ ਕਿ ਇਥੇ 82 ਫੁਟ ਚੌੜਾ ਹੈ, ਜਿਸਨੂੰ 118 ਫੁਟ ਹੋਰ ਚੌੜਾ ਕਰਕੇ 200 ਫੁਟ ਕੀਤਾ ਜਾਣਾ ਹੈ। ਇਸ  ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਤੋਂ ਪਥਰਾਲਾ ਵਿਚਾਲੇ ਪੈਂਦੇ 10 ਪਿੰਡਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਲਈ ਸਥਾਨਕ ਪ੍ਰਸ਼ਾਸ਼ਨ ਵਲੋਂ ਐਵਾਰਡ ਪਾਸ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਵਲੋਂ  ਗੁੰਮਰਾਹ ਕਰਦਿਆਂ ਇਸ ਰੋਡ ਉਪਰ ਆਉਂਦੇ ਘਰਾਂ, ਫੈਕਟਰੀਆਂ, ਪੈਟਰੋਲ ਪੰਪਾਂ, ਮੈਰਿਜ ਪੈਲੇਸ, ਸ਼ੈਲਰਾਂ ਆਦਿ ਨੂੰ ਵੀ ਖੇਤੀਬਾੜੀ ਜ਼ੋਨ ਵਿਚ ਲੈਕੇ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਗਈ ਜਿਸ ਦੇ ਅਧਾਰ ਉਪਰ ਕੇਂਦਰ ਵਲੋਂ ਐਵਾਰਡ ਪਾਸ ਕਰ ਦਿੱਤੇ ਗਏ। ਜਦੋਂਕਿ ਜੇਕਰ ਪ੍ਰਸ਼ਾਸ਼ਨ ਵਪਾਰਕ ਅਤੇ ਖੇਤੀਬਾੜੀ ਜ਼ੋਨ ਦੀ ਵੱਖੋ ਵੱਖਰੀ ਰਿਪੋਰਟ ਬਣਾ ਕੇ ਭੇਜਦਾ ਦਾ ਲੋਕਾਂ ਨੂੰ ਕਿਤੇ ਵੱਧ ਮੁਆਵਜ਼ਾ ਮਿਲ ਸਕਦਾ ਸੀ।
 ਉਨ੍ਹਾਂ ਅੱਜ ਸਥਾਨਕ ਪਿੰਡਾ ਦੇ ਪਤਵੰਤੇ ਲੋਕਾਂ ਦੀ ਨੁਮਾਇੰਦਗੀ ਕਰਦਿਆਂ ਮਿਉਂਸਪਲ ਕਮਿਸ਼ਨਰ ਬਠਿੰਡਾ ਰਾਹੀਂ ਡੀਸੀ ਬਠਿੰਡਾ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਹੈ ਕਿ ਇਸ ਰੋਡ ਉਪਰ ਆਉਂਦੇ ਵਪਾਰਕ ਅਦਾਰਿਆਂ ਨੂੰ ਪਾਸ ਕੀਤੇ ਖੇਤੀਬਾੜੀ ਜ਼ੋਨ ਵਿਚੋਂ ਕੱਢ ਕੇ ਇਨ੍ਹਾਂ ਦੀ ਵੱਖਰੀ ਰਿਪੋਰਟ ਦਿੱਤੀ ਜਾਵੇ ਤਾਂਕਿ ਕੇਂਦਰ ਤੋਂ ਨਵੇਂ ਐਵਾਰਡ ਪਾਸ ਕਰਵਾ ਕੇ ਮੌਕੇ ਮੁਤਾਬਿਕ ਬਣਦੀ ਮਾਰਕਿਟ ਵੈਲਿਊ ਦੇ ਹਿਸਾਬ ਨਾਲ ਢੁਕਵਾਂ ਮੁਆਵਜ਼ਾ ਪੀੜਤ ਲੋਕਾਂ ਨੂੰ ਦਿੱਤਾ ਜਾਵੇ।
 ਭਾਜਪਾ ਆਗੂ ਸ. ਢਿੱਲੋਂ ਨੇ ਆਖਿਆ ਕਿ ਜਦੋਂ ਉਨ੍ਹਾਂ ਇਸ ਗੱਲ ਦਾ ਪਤਾ ਲੱਗਾ ਕਿ ਬਠਿੰਡਾ ਜ਼ਿਲ੍ਹੇ ਦੇ 10 ਪਿੰਡਾਂ ਦੇ ਲੋਕ ਆਪਣੀ ਇਸ ਮੰਗ ਨੂੰ ਲੈ ਕੇ ਪਿਛਲੇ 67 ਦਿਨਾਂ ਤੋਂ ਪਿੰਡ ਗੈਰੀ ਬੁੱਟਰ ਵਿਖੇ ਪੱਕਾ ਧਰਨਾ ਲਗਾਈ ਬੈਠੇ ਹਨ, ਤਾਂ ਮੈਨੂੰ ਬੜੀ ਹੈਰਾਨੀ ਹੋਈ ਅਤੇ ਪ੍ਰਸ਼ਾਸ਼ਨ ਦੀ ਢਿੱਲੀ ਕਾਰਵਾਈ ਉਪਰ ਅਫ਼ਸੋਸ ਵੀ।  
   ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ,  ਦਾਨ ਸਿੰਘ ਗਿੱਲ ਸਰਪੰਚ ਪਿੰਡ ਜੱਸੀ ਬਾਗ ਵਾਲੀ, ਦਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਗਿੱਲ, ਹਰਪਾਲ ਸਿੰਘ ਮੈਂਬਰ ਜੱਸੀ ਬਾਗ ਵਾਲੀ, ਸੁਖਭਿੰਦਰ ਸਿੰਘ , ਕ੍ਰਿਸ਼ਨ ਸ਼ਰਮਾ, ਕੁਲਵੀਰ ਸਿੰਘ ਸੰਗਤ ਮੰਡੀ, ਬੂਟਾ ਸਿੰਘ ਕੁਟੀ, ਸੁਖਮਿੰਦਰ ਸਿੰਘ ਪਥਰਾਲਾ, ਵਰਿੰਦਰ ਸਿੰਘ ਜੋਧਪੁਰ ਸਣੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।