ਹਿੰਮਤ ਹੈ ਤਾਂ ਅਕਾਲੀ ਅਤੇ ਆਪ ਮੋਦੀ ਦੇ ਘਰ ਦਾ ਕਰਨ ਘਿਰਾਓ-ਸਿੱਧੂ
ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ

ਹਿੰਮਤ ਹੈ ਤਾਂ ਅਕਾਲੀ ਅਤੇ ਆਪ ਮੋਦੀ ਦੇ ਘਰ ਦਾ ਕਰਨ ਘਿਰਾਓ-ਸਿੱਧੂ

ਚੰਡੀਗੜ੍ਹ, 7 ਜੂਨ (ਕੇਸਰੀ ਨਿਊਜ਼ ਨੈੱਟਵਰਕ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ `ਤੇ ਵਰ੍ਹਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਦੇ ਬਾਹਰ ਆਪਣਾ ਧਰਨਾ ਲਗਾਉਣ ਜਿਨ੍ਹਾਂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਚੁਣੌਤੀ ਦਿੱਤੀ “ਜੇ ਤੁਹਾਡੇ ਵਿਚ ਹਿੰਮਤ ਹੈ ਤਾਂ ਬਿਹਤਰ ਹੋਵੇਗਾ ਕਿ ਇੱਥੇ ਮੇਰਾ ਅਤੇ ਆਪਣਾ ਸਮਾਂ ਬਰਬਾਦ ਕਰਨ ਦੀ ਥਾਂ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ ਕਰੋ।“
ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਐਤਵਾਰ ਅਤੇ ਅੱਜ ਦੋਵੇਂ ਪਾਰਟੀਆਂ ਵੱਲੋਂ ਲਗਾਏ ਗਏ ਧਰਨੇ ਦਾ ਜ਼ਿਕਰ ਕਰਦਿਆਂ ਸ. ਸਿੱਧੂ ਨੇ ਕਿਹਾ, ਦੋਵੇਂ ਪਾਰਟੀਆਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨ ਅਤੇ ਇਕ ਦੂਜੇ ਨੂੰ ਪਛਾੜਨ ਲਈ ਸਖਤ ਮੁਕਾਬਲਾ ਕਰ ਰਹੀਆਂ ਸਨ। ਉਨ੍ਹਾਂ ਕਿਹਾ ਦੋਵੇਂ ਪਾਰਟੀਆਂ ਖਾਸ ਕਰਕੇ ਰਾਜ ਅਤੇ ਮੁਹਾਲੀ ਵਿਚ ਆਪਣੀ ਸਾਰਥਕਤਾ ਗੁਆ ਚੁੱਕੀਆਂ ਹਨ, ਜਿਥੇ ਹਾਲ ਹੀ ਵਿਚ ਹੋਈਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿਚ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ।
ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਸਪਲਾਈ ਕਰਨ ਦੇ ਮੁੱਦੇ `ਤੇ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਚੰਗੀ ਭਾਵਨਾ ਨਾਲ ਲਿਆ ਗਿਆ ਫੈਸਲਾ ਸੀ ਕਿ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਟੀਕੇ ਉਪਲਬਧ ਕਰਵਾਏ ਜਾਣ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ ਅਤੇ ਇਸਦਾ ਖ਼ਰਚ ਉਠਾ ਸਕਦੇ ਹਨ, ਜੋ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ ਯੋਗਤਾ ਦੇ ਮਾਪਦੰਡਾਂ ਅਨੁਸਾਰ ਸਰਕਾਰੀ ਕੇਂਦਰਾਂ ਵਿੱਚ ਟੀਕਾਕਰਨ ਨਹੀਂ ਕਰਵਾ ਸਕਦੇ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਹਜ਼ਾਰਾਂ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ ਪਰ ਟੀਕਾਕਰਨ ਨਾ ਹੋਣ ਕਾਰਨ ਉਹ ਜਾ ਨਹੀਂ ਸਕੇ।
ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ `ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੇਂਦਰ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਦੁਆਰਾ ਚਾਰਜ ਕਰਨ ਦੀ ਹੱਦ ਵੱਧ ਤੋਂ ਵੱਧ 100 ਰੁਪਏ ਤੈਅ ਕੀਤੀ ਸੀ ਪਰ ਹੁਣ ਭਾਰਤ ਸਰਕਾਰ ਨੇ ਨਿੱਜੀ ਹਸਪਤਾਲਾਂ ਨੂੰ ਜਿੰਨਾ ਚਾਹੇ ਚਾਰਜ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਆਪ ਨੂੰ ਆਪਣਾ ਸਮਾਂ, ਊਰਜਾ ਅਤੇ ਸਰੋਤ ਦਿੱਲੀ ਵਿੱਚ ਲਗਾਉਣੇ ਚਾਹੀਦੇ ਹਨ ਅਤੇ ਭਾਰਤ ਸਰਕਾਰ `ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਰਕੇ ਸੂਬੇ ਨਾਲ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਟਿੱਪਣੀ ਕੀਤੀ “ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਸੁਖਬੀਰ ਅਤੇ ਹੋਰ ਅਕਾਲੀ ਮੋਦੀ ਤੋਂ ਡਰਦੇ ਹਨ ਅਤੇ `ਆਪ` ਅਤੇ ਕੇਜਰੀਵਾਲ ਭਾਜਪਾ ਦੀ `ਬੀ` ਟੀਮ ਹਨ।
ਇਸ ਬਾਰੇ ਗੱਲ ਕਰਦਿਆਂ ਕਿ ਟੀਕਿਆਂ ਅਤੇ ਆਕਸੀਜਨ ਦੇ ਪੱਖ ਤੋਂ ਪੰਜਾਬ ਨਾਲ ਕਿਵੇਂ ਘੋਰ ਵਿਤਕਰਾ ਕੀਤਾ ਗਿਆ ਸ. ਸਿੱਧੂ ਨੇ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ।
ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਵੱਲੋਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅੱਗੇ ਰੱਖੇ ਗਏ 30 ਲੱਖ ਕੋਵੀਸ਼ੀਲਡ ਟੀਕਿਆਂ ਦੇ ਆਰਡਰ ਬਦਲੇ ਪੰਜਾਬ ਨੂੰ ਸਿਰਫ 4.29 ਲੱਖ ਖੁਰਾਕ ਦਿੱਤੀ ਗਈ। ਉਨ੍ਹਾਂ ਕਿਹਾ ਕਿ 5.43 ਲੱਖ ਵੈਕਸੀਨ ਖੁਰਾਕਾਂ ਲਈ 18.27 ਕਰੋੜ ਰੁਪਏ ਅਦਾ ਕਰਨ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ 6.88 ਲੱਖ ਵੈਕਸੀਨ ਦੀਆਂ ਖੁਰਾਕਾਂ ਲਈ 22.88 ਕਰੋੜ ਰੁਪਏ ਦੀ ਅਗਾਊਂ ਅਦਾਇਗੀ ਕੀਤੀ ਗਈ ਜੋ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਆਪ ਟੀਕੇ ਦੀ ਦੋਹਰੀ ਕੀਮਤ ਨੀਤੀ- ਭਾਰਤ ਸਰਕਾਰ ਲਈ 150 ਰੁਪਏ ਅਤੇ ਸੂਬਾ ਸਰਕਾਰਾਂ ਲਈ 300 ਰੁਪਏ ਸਬੰਧੀ ਸਵਾਲ ਕਿਉਂ ਨਹੀਂ ਕਰਦੇ ਜਿਸ ਬਾਰੇ ਸੁਪਰੀਮ ਕੋਰਟ ਨੇ ਵੀ ਸਵਾਲ ਕੀਤਾ ਸੀ।
ਸਿਹਤ ਮੰਤਰੀ ਨੇ ਦੱਸਿਆ ਕਿ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਨੂੰ ਟੀਕਿਆਂ ਦੀ ਭਰਪੂਰ ਸਪਲਾਈ ਹੋ ਰਹੀ ਹੈ ਅਤੇ ਇਸ ਸੂਚੀ ਵਿੱਚ ਸਭ ਤੋਂ ਉਪਰ 25 ਲੱਖ ਟੀਕਿਆਂ ਨਾਲ ਉੱਤਰ ਪ੍ਰਦੇਸ਼ ਹੈ ਜਿਸ ਉਪਰੰਤ ਗੁਜਰਾਤ ਅਤੇ ਮੱਧ ਪ੍ਰਦੇਸ਼ ਸੂਬੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ, ਭਾਰਤ ਸਰਕਾਰ ਨੇ ਕਦੇ ਵੀ ਪੰਜਾਬ ਨੂੰ ਇਸਦੀ ਵੈਕਸੀਨ ਦੀ ਬਣਦੀ ਵੰਡ ਨਹੀਂ ਕੀਤੀ।
 ਸ. ਸਿੱਧੂ ਨੇ ਅਕਾਲੀ ਅਤੇ ‘ਆਪ’ ਦੇ ਨੇਤਾਵਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਸੱਚਮੁੱਚ ਪੰਜਾਬ ਅਤੇ ਪੰਜਾਬੀਆਂ ਦੀ ਚਿੰਤਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਉਹਨਾਂ ਦਾ ਅਤੇ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਭਾਰਤ ਸਰਕਾਰ ਨੇ ਪੰਜਾਬ ਨੂੰ ਸਿਰਫ਼ 126 ਮੀਟ੍ਰਿਕ ਟਨ ਆਕਸੀਜਨ ਦੀ ਵੰਡ ਕੀਤੀ ਸੀ ਜੋ ਕੁਝ ਹੀ ਦਿਨਾਂ ਵਿਚ ਘਟਾ ਕੇ 86 ਮੀਟ੍ਰਿਕ ਟਨ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਾਰ ਵਾਰ ਬੇਨਤੀਆਂ ਕਰਨ ਉਪਰੰਤ ਇਸ ਅਲਾਟਮੈਂਟ ਨੂੰ 24 ਅਪ੍ਰੈਲ ਨੂੰ 137 ਮੀਟਰਕ ਟਨ ਅਤੇ 29 ਅਪ੍ਰੈਲ ਨੂੰ 195 ਮੀਟ੍ਰਿਕ ਟਨ ਤੱਕ ਸੋਧਿਆ ਗਿਆ ਪਰ ਇਹ ਅਲਾਟਮੈਂਟ ਬੋਕਾਰੋ ਅਤੇ ਹਾਜ਼ੀਰਾ ਵਰਗੇ ਦੂਰ-ਦੁਰਾਡੇ ਥਾਵਾਂ ਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਸੂਬੇ ਨੂੰ 50 ਆਕਸੀਜਨ ਟੈਂਕਰਾਂ ਦੀ ਮੰਗ ਦੇ ਮੁਕਾਬਲੇ ਸਿਰਫ ਚਾਰ ਟੈਂਕਰ ਹੀ ਮੁਹੱਈਆ ਕਰਵਾਏ। ਇਸੇ ਤਰ੍ਹਾਂ 5750 ਆਕਸੀਜਨ ਸਿਲੰਡਰ ਦੀ ਜ਼ਰੂਰਤ ਦੇ ਵਿਰੁੱਧ ਪੰਜਾਬ ਨੂੰ ਸਿਰਫ 550 ਆਕਸੀਜਨ ਸਿਲੰਡਰ ਮਿਲੇ।
ਸ. ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਗਏ 340 ਆਕਸੀਜਨ ਕੰਸਨਟ੍ਰੇਟਰਜ਼ ਜੋ ਕਿ ਸੂਬੇ ਦੀ ਅਸਲ ਜ਼ਰੂਰਤ ਨਾਲੋਂ ਪਹਿਲਾਂ ਹੀ ਬਹੁਤ ਘੱਟ ਸਨ, ਵਿੱਚ ਖਾਮੀਆਂ ਪਾਏ ਜਾਣ ਕਰਕੇ 150 ਕੰਸਨਟ੍ਰੇਟਰਜ਼ ਵਾਪਸ ਮੰਗਵਾ ਲਏ ਗਏ ਸਨ।
ਉਨ੍ਹਾਂ ਕਿਹਾ ਕਿ ਸਮਾਜ ਸੇਵਕਾਂ ਤੋਂ ਪ੍ਰਾਪਤ ਸਹਾਇਤਾ ਤੋਂ ਇਲਾਵਾ ਸੂਬੇ ਨੇ ਆਪਣੇ ਪੱਧਰ `ਤੇ 4000 ਤੋਂ ਵੱਧ ਆਕਸੀਜਨ ਕੰਸਨਟ੍ਰੇਟਰਜ਼ ਖਰੀਦੇ ਹਨ।
ਮੰਤਰੀ ਨੇ ਕਿਹਾ ਕਿ ਸੂਬਾ ਦਸੰਬਰ, 2020 ਵਿਚ ਅੰਮ੍ਰਿਤਸਰ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਚ ਦੋ ਪੀਐਸਏ ਮੈਡੀਕਲ ਆਕਸੀਜਨ ਪਲਾਂਟ ਲਗਾਉਣ ਲਈ ਤਿਆਰ ਸੀ ਪਰ ਭਾਰਤ ਸਰਕਾਰ ਆਕਸੀਜਨ ਪਲਾਂਟ ਸਥਾਪਤ ਕਰਨ ਵਿਚ ਅਸਫਲ ਰਹੀ ਕਿਉਂਕਿ ਭਾਰਤ ਸਰਕਾਰ ਦੁਆਰਾ ਚੁਣੇ ਗਏ ਵਿਕਰੇਤਾ ਪਿੱਛੇ ਹਟ ਗਏ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ-ਕੇਅਰਜ਼ ਤਹਿਤ ਦਿੱਤੇ ਗਏ ਵੈਂਟੀਲੇਟਰ ਕਈ ਮਹੀਨਿਆਂ ਤੋਂ ਸਥਾਪਤ ਨਹੀਂ ਕੀਤੇ ਗਏ ਕਿਉਂਕਿ ਇਹ ਸਹੀ ਨਹੀਂ ਸਨ ਅਤੇ ਭਾਰਤ ਸਰਕਾਰ ਨੇ ਉਨ੍ਹਾਂ ਦੀ ਮੁਰੰਮਤ ਵੀ ਨਹੀਂ ਕਰਵਾਈ ਅਤੇ ਇਕ ਕੰਪਨੀ ਦੁਆਰਾ ਮੁਹੱਈਆ ਕਰਵਾਏ 100 ਵੈਂਟੀਲੇਟਰਾਂ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਘਟੀਆ ਕੁਆਲਟੀ ਦੇ ਸਨ।
ਸ. ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਭਾਰਤ ਸਰਕਾਰ ਨੇ ਇੰਜੈਕਸ਼ਨ ਟੋਸੀਲੀਜ਼ੁਮੈਬ ਦੀ ਲੋੜੀਂਦੀ ਖੁਰਾਕ ਮੁਹੱਈਆ ਨਹੀਂ ਕਰਵਾਈ ਜੋ ਕੋਵਿਡ ਦੇ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਬਹੁਤ ਲਾਹੇਵੰਦ ਸੀ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ, ਭਾਰਤ ਸਰਕਾਰ ਵੱਲੋਂ ਬਲੈਕ ਫੰਗਸ ਦੇ ਪ੍ਰਬੰਧਨ ਲਈ ਲੋੜੀਂਦੀਆਂ ਦਵਾਈਆਂ ਸਮੇਂ ਸਿਰ ਅਤੇ ਉਚਿਤ ਮਾਤਰਾ ਵਿਚ ਨਹੀਂ ਦਿੱਤੀਆਂ ਗਈਆਂ ਜਿਸ ਦੇ ਨਤੀਜੇ ਵਜੋਂ ਸਾਨੂੰ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਕਰਨਾ ਮੁਸ਼ਕਲ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਨੇ 200 ਪੀਡੀਆਟ੍ਰਿਕ ਵੈਂਟੀਲੇਟਰਾਂ ਲਈ ਬੇਨਤੀ ਕੀਤੀ ਹੈ ਪਰ ਭਾਰਤ ਸਰਕਾਰ ਪਾਸੋਂ ਕੋਈ ਜਵਾਬ ਨਹੀਂ ਮਿਲਿਆ।