ਭਾਜਪਾ ਦਾ ਸੂਬਾ ਜਨਰਲ ਸਕੱਤਰ ਸੰਗੀਨ ਦੋਸ਼ਾਂ ਤਹਿਤ ਬਠਿੰਡਾ ਵਿਚ ਨਾਮਜ਼ਦ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਦੀ ਫਾਈਲ ਫੋਟੋ

ਭਾਜਪਾ ਦਾ ਸੂਬਾ ਜਨਰਲ ਸਕੱਤਰ ਸੰਗੀਨ ਦੋਸ਼ਾਂ ਤਹਿਤ ਬਠਿੰਡਾ ਵਿਚ ਨਾਮਜ਼ਦ

ਬਠਿੰਡਾ (ਕੇਸਰੀ ਨਿਊਜ਼ ਨੈੱਟਵਰਕ)- ਮਾਲਵੇ ਦੇ ਕੇਂਦਰੀ ਸ਼ਹਿਰ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਗੂ ਨੂੰ ਉਸ ਮਾਮਲੇ ਨਾਲ ਜੋੜਿਆ ਗਿਆ ਹੈ ਜਿਸ ਵਿਚ ਬਠਿਡਾ ਦੇ ਗੁਰਦੁਆਰਾ ਬੀੜ ਤਲਾਬ ਸਾਹਿਬ ਵਿਚ ਬੀਤੀ 19 ਮਈ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਦੇ ਹੱਕ ਵਿਚ ਗ੍ਰੰਥੀ ਗੁਰਮੇਲ ਸਿੰਘ ਵੱਲੋਂ ਅਰਦਾਸ ਕੀਤੀ ਗਈ ਸੀ। ਇਸ ਮਾਮਲੇ ਵਿਚ ਸੋਮਵਾਰ ਨੂੰ ਪੁਲਿਸ ਨੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਨੂੰ ਵੀ ਨਾਮਜ਼ਦ ਕਰ ਲਿਆ ਹੈ।

ਪੁਲਿਸ ਨੇ ਸੁਖਪਾਲ ਸਰਾਂ ਖ਼ਿਲਾਫ਼ 120 ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰੰਥੀ ਗੁਰਮੇਲ ਸਿੰਘ ਨੇ ਇਹ ਅਰਦਾਸ ਕੀਤੀ ਸੀ। ਇਸ ਤੋਂ ਬਾਅਦ ਐਡਵੋਕੇਟ ਹਰਪਾਲ ਸਿੰਘ ਖਾਰਾ ਦੀ ਸ਼ਿਕਾਇਤ ’ਤੇ ਥਾਣਾ ਸਦਰ ਬਠਿੰਡਾ ਪੁਲਿਸ ਨੇ ਮੁਲਜ਼ਮ ਗ੍ਰੰਥੀ ਖ਼ਿਲਾਫ਼ 20 ਮਈ ਨੂੰ ਆਈਪੀਸੀ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਅਦ ਡੀਡੀਆਰ ਨੰਬਰ 14 ਤਹਿਤ ਸੋਮਵਾਰ ਨੂੰ ਭਾਜਪਾ ਨੇਤਾ ਸੁਖਪਾਲ ਸਰਾਂ ਨੂੰ ਇਸ ਮਾਮਲੇ ’ਚ ਨਾਮਜ਼ਦ ਕਰ ਲਿਆ ਗਿਆ ਹੈ।

ਪੁਲਿਸ ਅਨੁਸਾਰ, ਇਕ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਭਾਜਪਾ ਨੇਤਾ ਸੁਖਪਾਲ ਸਰਾਂ ਨੇ ਇਕ ਸਾਜ਼ਿਸ਼ ਤਹਿਤ ਗ੍ਰੰਥੀ ਗੁਰਮੇਲ ਸਿੰਘ ਨਾਲ ਮਿਲ ਕੇ ਜਾਣਬੁੱਝ ਕੇ ਇਹ ਅਰਦਾਸ ਕੀਤੀ ਸੀ। ਜਿਸ ਦਾ ਮਕਸਦ ਲੋਕਾਂ ਨੂੰ ਆਪਸ ’ਚ ਧਰਮ ਤੇ ਜਾਤਪਾਤ ਦੇ ਆਧਾਰ ’ਤੇ ਲੜਾ ਸਕੇ। ਜਿਸ ਦਾ ਸੱਚ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ।