ਬਿਜਲੀ ਦੇ 1 ਜੂਨ ਤੋਂ ਘਟ ਜਾਣਗੇ ਰੇਟ ਲਾਗੂ ਹੋਣਗੇ ਇਹ ਟੈਰਿਫ਼
ਪੰਜਾਬ ਰਾਜ ਬਿਜਲੀ ਬੋਰਡ ਵਲੋਂ ਘਟਾਏ ਗਏ 1 ਜੂਨ ਤੋਂ ਬਿਜਲੀ ਟੈਰਿਫ

ਬਿਜਲੀ ਦੇ 1 ਜੂਨ ਤੋਂ ਘਟ ਜਾਣਗੇ ਰੇਟ ਲਾਗੂ ਹੋਣਗੇ ਇਹ ਟੈਰਿਫ਼

ਚੰਡੀਗੜ੍ਹ, 28 ਮਈ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਮਿਤੀ 28.05.2021 ਨੂੰ ਜਾਰੀ ਆਪਣੇ ਆਦੇਸ਼ ਅਨੁਸਾਰ ਵਿੱਤੀ ਸਾਲ 2021-22 ਲਈ ਟੈਰਿਫ/ਚਾਰਜਿਜ਼ ਵਾਲੇ ਟੈਰਿਫ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਦੇਸ਼ਾਂ ਵਿੱਚ ਕਮਿਸ਼ਨ ਨੇ ਵਿੱਤੀ ਸਾਲ 2019-20 ਦੀ ਸਹੀ ਸਥਿਤੀ, ਵਿੱਤੀ ਸਾਲ 2020-21 ਦੀ ਸਾਲਾਨਾ ਕਾਰਗੁਜ਼ਾਰੀ ਸਮੀਖਿਆ (ਏਪੀਆਰ) ਅਤੇ ਵਿੱਤੀ ਸਾਲ 2021-22 ਲਈ ਲਾਗੂ ਟੈਰਿਫ/ਚਾਰਜਿਜ਼ ਦੇ ਨਾਲ ਵਿੱਤੀ ਸਾਲ 2021-22 ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਦੀ ਸਮੁੱਚੀ ਮਾਲੀਆ ਜ਼ਰੂਰਤ (ਏਆਰਆਰ) ਨਿਰਧਾਰਤ ਕੀਤੀ ਹੈ।
ਕਮਿਸ਼ਨ ਨੇ ਵਿੱਤੀ ਸਾਲ 2021-22 ਲਈ ਪੀਐਸਪੀਸੀਐਲ ਦਾ ਏ.ਆਰ.ਆਰ. (ਪਿਛਲੇ ਸਾਲਾਂ ਦੇ ਪਾੜੇ ਨੂੰ ਇਕਸਾਰ ਕਰਨ ਤੋਂ ਬਾਅਦ) 32982.49 ਕਰੋੜ ਰੁਪਏ ਨਿਰਧਾਰਤ ਕੀਤਾ ਹੈ ਜਿਸ ਵਿਚ ਪੀ.ਐਸ.ਟੀ.ਸੀ.ਐਲ. ਲਈ ਟੈਰਿਫ਼ ਜ਼ਰੀਏ ਵਸੂਲ ਕੀਤਾ ਜਾਣਾ ਵਾਲਾ  1331.71 ਕਰੋੜ ਰੁਪਏ ਦਾ ਏ.ਆਰ.ਆਰ. ਸ਼ਾਮਲ ਹੈ।ਕਮਿਸ਼ਨ ਉਪਯੋਗਤਾ ਦੀ ਕਾਰਜ ਕੁਸ਼ਲਤਾ ਦੀਆਂ ਜ਼ਰੂਰਤਾਂ ਪ੍ਰਤੀ ਸੁਚੇਤ ਰਿਹਾ ਹੈ ਪਰ ਖਪਤਕਾਰਾਂ ਦੇ ਹਿੱਤ ਇਸ ਦੇ ਮੁਕਾਬਲੇ ਸਰਬੋਤਮ ਰਹੇ ਹਨ।
ਮੁੱਖ ਵਿਸ਼ੇਸ਼ਤਾਵਾਂ

1. ਨਵਾਂ ਟੈਰਿਫ 01.06.2021 ਤੋਂ 31.03.2022 ਤੱਕ ਲਾਗੂ ਰਹੇਗਾ ਅਤੇ ਪਿਛਲੇ ਸਾਲ ਦਾ ਟੈਰਿਫ 31.05.2021 ਤੱਕ ਲਾਗੂ ਰਹੇਗਾ।

2. ਕੋਵਿਡ-19 ਮਹਾਂਮਾਰੀ ਕਰਕੇ ਸਮਾਜ ਦੇ ਕਮਜ਼ੋਰ ਵਰਗ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ 2 ਕਿਲੋਵਾਟ ਤੱਕ ਦੇ ਲੋਡ ਅਤੇ 0 ਤੋਂ 100 ਯੂਨਿਟ ਅਤੇ 101 ਤੋਂ 300 ਯੂਨਿਟ ਦੀਆਂ ਖ਼ਪਤ ਸਲੈਬਜ਼ ਵਾਲੇ ਘਰੇਲੂ ਖਪਤਕਾਰਾਂ ਲਈ ਪ੍ਰਤੀ ਯੂਨਿਟ ਟੈਰਿਫ ਦਰਾਂ ਕ੍ਰਮਵਾਰ 1 ਰੁਪਏ ਅਤੇ 50 ਪੈਸੇ ਘਟਾ ਦਿੱਤੀਆਂ ਗਈਆਂ ਹਨ। 2 ਕਿਲੋਵਾਟ ਤੋਂ 7 ਕਿਲੋਵਾਟ ਤੱਕ ਦੇ ਲੋਡ ਅਤੇ 0 ਤੋਂ 100 ਯੂਨਿਟ ਅਤੇ 101 ਤੋਂ 300 ਯੂਨਿਟ ਖਪਤ ਸਲੈਬਜ਼ ਵਾਲੇ ਘਰੇਲੂ ਖ਼ਪਤਕਾਰਾਂ ਲਈ ਟੈਰਿਫ ਦਰਾਂ ਕ੍ਰਮਵਾਰ 75 ਪੈਸੇ ਅਤੇ 50 ਪੈਸੇ ਘਟਾ ਦਿੱਤੀਆਂ ਗਈਆਂ ਹਨ। ਇਸ ਨਾਲ ਇਨ੍ਹਾਂ ਖਪਤਕਾਰਾਂ ਨੂੰ 682 ਕਰੋੜ ਰੁਪਏ ਦੀ ਵਿੱਤੀ ਰਾਹਤ ਮਿਲੇਗੀ।

3. ਛੋਟੇ ਅਤੇ ਦਰਮਿਆਨੇ ਉਦਯੋਗਿਕ ਖਪਤਕਾਰਾਂ ਅਤੇ ਐਨ.ਆਰ.ਐਸ. ਖਪਤਕਾਰਾਂ `ਤੇ ਕਿਸੇ ਤਰ੍ਹਾਂ ਦਾ ਵਾਧੂ ਭਾਰ ਨਹੀਂ ਪਾਇਆ ਗਿਆ ਹੈ।

4. ਏ.ਪੀ. ਸ਼੍ਰੇਣੀ ਲਈ ਟੈਰਿਫ ਵਿਚ ਮਾਮੂਲੀ 9 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਏਪੀ ਸ਼੍ਰੇਣੀ ਦੀ ਕਰਾਸ ਸਬਸਿਡੀ (-) 14.41% ਤੋਂ ਘਟਾ ਕੇ (-) 12.05% ਕਰ ਦਿੱਤੀ ਗਈ ਹੈ।

5. ਵੱਡੇ ਉਦਯੋਗਿਕ ਖਪਤਕਾਰਾਂ (ਜਨਰਲ ਅਤੇ ਪੀਆਈਯੂ) ਲਈ ਟੈਰਿਫ ਵਿਚ ਵਾਧਾ 2% ਤੋਂ ਵੀ ਘੱਟ ਰੱਖਿਆ ਗਿਆ ਹੈ।

6. ਥੈ੍ਰਸ਼ਹੋਲਡ ਸੀਮਾ ਤੋਂ ਵੱਧ ਬਿਜਲੀ ਦੀ ਖਪਤ ਲਈ ਘਟਾਏ ਗਏ ਬਿਜਲੀ ਚਾਰਜ

ਕਮਿਸ਼ਨ ਨੇ ਥੈ੍ਰਸ਼ਹੋਲਡ ਸੀਮਾ ਤੋਂ ਵੱਧ ਬਿਜਲੀ ਦੀ ਖ਼ਪਤ ਲਈ ਉਦਯੋਗ ਨੂੰ 4.86/ਕੇ.ਵੀ.ਏ.ਐਚ. ਦੀਆਂ ਘੱਟ ਬਿਜਲੀ ਦਰਾਂ ਦੀ ਪੇਸ਼ਕਸ਼ ਕਰਦਿਆਂ ਵਾਧੂ ਬਿਜਲੀ ਦੀ ਉਤਪਾਦਕ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਉਦਯੋਗ ਨੂੰ  ਹੁਲਾਰਾ ਦੇਣ ਦੀ ਆਪਣੀ ਨੀਤੀ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ, “ਵੋਲਟੇਜ ਦੀ ਛੋਟ” 4.86/ਕੇ.ਵੀ.ਏ.ਐਚ. ਦੇ ਨਿਰਧਾਰਤ ਬਿਜਲੀ ਖ਼ਰਚਿਆਂ ਤੋਂ ਵੱਖਰੀ ਹੋਵੇਗੀ।
7. ਵਿਸ਼ੇਸ਼ ਨਾਈਟ ਟੈਰਿਫ

50% ਤੈਅ ਚਾਰਜਿਜ਼ ਅਤੇ 4.86/ਕੇ.ਵੀ.ਏ.ਐਚ. ਬਿਜਲੀ ਚਾਰਜ ਦੇ ਨਾਲ ਵਿਸ਼ੇਸ਼ ਤੌਰ `ਤੇ ਰਾਤ 10:00 ਵਜੇ ਤੋਂ ਅਗਲੇ ਦਿਨ ਸਵੇਰੇ 06:00 ਵਜੇ ਤੱਕ ਦੇ ਸਮੇਂ ਦੌਰਾਨ ਬਿਜਲੀ ਦੀ ਵਰਤੋਂ ਕਰਨ ਵਾਲੇ ਸਾਰੇ (ਐਲਐਸ / ਐਮਐਸ / ਐਸਪੀ) ਉਦਯੋਗਿਕ ਖਪਤਕਾਰਾਂ ਲਈ ਵਿਸ਼ੇਸ਼ ਨਾਈਟ ਟੈਰਿਫ ਜਾਰੀ ਰੱਖਿਆ ਗਿਆ ਹੈ।

ਉਦਯੋਗ ਦੀ ਮੰਗ `ਤੇ ਰਾਤ ਦੀ ਸ਼੍ਰੇਣੀ ਵਾਲੇ ਖ਼ਪਤਕਾਰਾਂ ਦੁਆਰਾ ਬਿਜਲੀ ਦੀ ਵਰਤੋਂ ਦੀ ਸਹੂਲਤ, ਆਮ ਟੈਰਿਫ `ਤੇ ਵਧਾਏ ਗਏ 4 ਘੰਟਿਆਂ ਭਾਵ ਸਵੇਰੇ 06:00 ਵਜੇ ਤੋਂ ਸਵੇਰੇ 10:00 ਵਜੇ ਤੱਕ, ਪੂਰੇ ਸਾਲ ਲਈ ਵਧਾ ਦਿੱਤੀ ਗਈ ਹੈ ਜਿਸ ਵਿਚ ਵਿੱਤੀ ਸਾਲ 2021-22 ਦਾ ਗਰਮੀ/ਝੋਨੇ ਦਾ ਸੀਜ਼ਨ ਸ਼ਾਮਲ ਹੈ।