You are currently viewing ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਦਿਹਾੜਾ ਮਨਾਇਆ
ਸੁਲਤਾਨਪੁਰ ਲੋਧੀ ਵਿਖੇ ਮਨਾਇਆ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਦਿਵਸ

ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ ਦਿਹਾੜਾ ਮਨਾਇਆ

ਕਪੂਰਥਲਾ (ਕੇ.ਐਸ.ਕੌੜਾ)- ਸੁਲਤਾਨਪੁਰ ਲੋਧੀ ਵਿਖੇ ਦੇਸ਼ ਲਈ ਇਕ ਬਹੁਤ ਵੱਡੀ ਕੁਰਬਾਨੀ ਸੀ ਡਾਕਟਰ ਦੀਵਾਨ ਸਿੰਘ ਕਲੇਪਾਣੀ ਦੀ।  ਭਾਰਤ ਦੀ ਆਜ਼ਾਦੀ ਲਹਿਰ ਦੇ ਮਹਾਨ ਨਾਇਕ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਹਲਕਾ ਸੁਲਤਾਨਪੁਰ ਲੋਧੀ ਵਿੱਚ ਬਣੇ ਉਨ੍ਹਾ ਦੇ ਬੁੱਤ ਦੇ ਨੇੜੇ ਸੰਯੁਕਤ ਕਿਸਾਨ ਮੋਰਚਾ ਸੁਲਤਾਨਪੁਰ ਲੋਧੀ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਆਗੂਆਂ ਅਤੇ ਸੁਲਤਾਨਪੁਰ ਲੋਧੀ ਪ੍ਰੈਸ ਕਲੱਬ ਵੱਲੋ ਉਨ੍ਹਾ ਦੇ ਜਨਮ ਦਿਨ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਵਿੱਚ ਉੱਘੇ ਆਜ਼ਾਦੀ ਘੁਲਾਟੀਏ ਮਹਾਨ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਬੁੱਤ ਤੇ ਫੁੱਲਾ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦਾ ਦੇਸ਼ ਵਿੱਚ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾ ਕਿਹਾ ਕਿ ਜੋ ਹੁਣ ਪੂਰੇ ਦੇਸ਼ ਵਿਚ ਕਿਸਾਨ ਸੰਘਰਸ਼ ਚੱਲ ਰਿਹਾ ਹੈ ਉਹ ਇਹਨਾਂ ਮਹਾਨ ਸਿਰੜੀ ਯੋਧਿਆਂ ਦੀ ਪ੍ਰੇਰਨਾ ਸਦਕਾ ਹੀ ਚੱਲ ਰਿਹਾ ਹੈ। ਸਾਨੂੰ ਮਾਣ ਹੈ ਕਿ ਦੇਸ਼ ਦੀ ਵੰਡ ਤੋਂ ਬਆਦ ਉਨ੍ਹਾ ਦਾ ਪਰਿਵਾਰ  ਸੁਲਤਾਨਪੁਰ ਲੋਧੀ ਵਿੱਚ ਉਨ੍ਹਾ ਦੀ ਪਤਨੀ ਇੰਦਰ ਕੌਰ ਸਮੇਤ ਰਿਹਾ।
ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਾਹਿਤ ਜਗਤ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਅਧੁਨਿਕ ਕਵਿਤਾ ਦੇ ਮੁਢਲੇ ਲੇਖਕਾ ਵਿੱਚੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾ ਨੇ ਕਈ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ ਪਾਈਆਂ। ਉਨ੍ਹਾ ਦੀ ਇੱਕ ਖੁੱਲ੍ਹੀ ਕਵਿਤਾ ਅੱਜ ਵੀ ਹਰ ਬੱਚਾ ਗੁਣ-ਗੁਣਾ ਰਿਹਾ ਹੈ । ਜਿਵੇਂ ਕਿ “ਪਾਣੀ ਵਗਦੇ ਹੀ ਰਹਿਣ, ਕਿ ਵਗਦੇ ਹੀ ਸੋਂਹਦੇ ਨੇ, ਖੜੋਂਦੇ ਬੁਸਦੇ ਨੇ, ਕਿ ਪਾਣੀ ਵਗਦੇ ਹੀ ਰਹਿਣ”। ਧਰਮ ਨਿਰਪੇਖਤਾ ਵਿੱਚ ਉਹਨਾਂ ਦਾ ਅਟੁੱਟ ਵਿਸ਼ਵਾਸ਼ ਸੀ ਅਤੇ ਉਹ ਗਰੀਬਾ ਅਤੇ ਮਜਦੂਰਾਂ ਦੇ ਮਸੀਹਾਂ ਵਜੋ ਜਾਣੇ ਜਾਂਦੇ ਸੀ। ਮੁਲਕ ਦੇ ਆਜ਼ਾਦੀ ਸੰਗਰਾਮ ਵਿਚ ਆਪਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਵਿਚ ਫਹਿਰਿਸਤ ਵਿਚ ਪੰਜਾਬੀਆਂ ਦਾ ਵਿਸ਼ੇਸ਼ ਸਥਾਨ ਹੈ। ਸਾਡੇ ਉਨ੍ਹਾਂ ਅਮਰ ਸ਼ਹੀਦਾਂ ਨੇ ਤਸ਼ੱਦਦ ਸਹਿ ਕੇ ਵੀ ਇਨਸਾਨੀਅਤ ਲਈ ਪਿਆਰ ਤੇ ਆਜ਼ਾਦੀ ਲਈ ਸੰਘਰਸ਼ ਦਾ ਰਾਹ ਨਹੀਂ ਛੱਡਿਆ। ਅਜਿਹੇ ਹੀ ਅਮਰ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਹਨ ਜਿਨ੍ਹਾਂ ਆਪਣਾ ਜੀਵਨ ਮਨੁੱਖਤਾ, ਅਣਖ, ਧਰਮ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਕਰ ਦਿੱਤਾ।