You are currently viewing ਰਾਣਾ ਦੇ ਬਿਆਨ ਨੇ ਮਹੌਲ ਗਰਮਾਇਆ ਐਡਵੋਕੇਟ ਤੇ ਚੀਮਾ ਨੇ ਵੀ ਦਾਅ ਲਾਇਆ
ਕਪੂਰਥਲਾ ਜਿਲੇ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ, ਨਵਤੇਜ ਸਿੰਘ ਚੀਮਾ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਐਡਵੋਕੇਟ

ਰਾਣਾ ਦੇ ਬਿਆਨ ਨੇ ਮਹੌਲ ਗਰਮਾਇਆ ਐਡਵੋਕੇਟ ਤੇ ਚੀਮਾ ਨੇ ਵੀ ਦਾਅ ਲਾਇਆ

ਕਪੂਰਥਲਾ (ਕੇ.ਐਸ.ਕੌੜਾ)- ਪੰਜਾਬ ਸਰਕਾਰ ਦੇ ਕੰਮ ਕਾਜ ਤੇ ਵਿਰੋਧੀ ਹੀ ਨਹੀਂ ਉਸ ਦੇ ਆਪਣੇ ਵੀ ਉਂਗਲ ਚੁੱਕਣ ਲੱਗ ਪਏ ਹਨ ਜਿਸ ਦੀ ਤਾਜਾ ਮਿਸਾਲ ਕਪੂਰਥਲਾ ਤੋ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਵਲੋਂ ਬੀਤੇ ਦਿਨੀਂ ਦਿਤੀ ਗਈ ਬਿਆਨਬਾਜੀ। ਉਹਨਾਂ ਨੇ ਕਪੂਰਥਲਾ ਦੇ ਐਸਐਸਪੀ ਉੱਪਰ ਨਸ਼ੇ ਦੀ ਵਿਕਰੀ ਰੋਕਣ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਗਾ ਕੇ ਆਪਣੇ ਆਪ ਨੂੰ ਬੇਬਸ ਤੇ ਸ਼ਰਮਿੰਦਾ ਦੱਸਿਆ ਸੀ। ਪਰ ਉਹਨਾਂ ਦੀ ਇਸ ਬਿਆਨਬਾਜੀ ਨੇ ਵਿਰੋਧੀਆਂ ਨੂੰ ਵੀ ਸਰਗਰਮ ਕਰ ਦਿਤਾ ਹੈ।
ਕਪੂਰਥਲਾ ਤੋ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਚੋਣ ਲੜ ਚੁਕੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਬਿਆਨ ਦਾਗ਼ਦੇ ਹੋਏ ਕਿਹਾ ਹੈ ਕਿ ਰਾਣਾ ਗੁਰਜੀਤ ਦੀ ਇਸ ਬਿਆਨਬਾਜੀ ਨੇ ਹਲਕੇ ਵਿੱਚ ਨਸ਼ੇ ਦੀ ਵਿਕਰੀ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਇੰਨੇ ਕੱਦਵਾਰ ਨੇਤਾ ਦਾ ਆਪਣੀ ਹੀ ਸਰਕਾਰ ਵਿੱਚ ਇਹ ਕਹਿਣਾ ਕਿ ਉਹਨਾਂ ਦੀ ਸ਼ਿਕਾਇਤ ਤੇ ਐਸਐਸਪੀ ਗੌਰ ਨਹੀਂ ਕਰਦੇ , ਹਾਸੋਹੀਣੀ ਗੱਲ ਹੈ। ਜਦਕਿ ਹਲਕੇ ਵਿੱਚ ਜਿਆਦਾਤਰ ਨਸ਼ਾ ਤਸਕਰ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਨ। ਉਹਨਾ ਖੁਲਾ ਚੈਲੰਜ ਦਿੰਦਿਆਂ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਉੱਪਰ ਨਕੇਲ ਕੱਸੇ ਅਸੀਂ ਪੁਲਿਸ ਦੇ ਨਾਲ ਹਾਂ।
ਇਸ ਦੌਰਾਨ ਸੂਬੇ ਵਿੱਚ ਕਾਂਗਰਸੀ ਵਿਧਾਇਕਾਂ ਦੀ ਚੱਲ ਰਹੀ ਇਸ ਸ਼ਬਦਾਇਕ ਜੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦਿੰਦਿਆਂ ਕਪੂਰਥਲਾ ਦੇ ਹੀ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਆਪਣੀ ਪਾਰਟੀ ਦੇ ਉਹਨਾਂ ਵਿਧਾਇਕਾਂ ਨੂੰ ਸਲਾਹ ਦਿੰਦੇ ਹਨ ਜੋ ਆਪਣੀ ਹੀ ਸਰਕਾਰ ਦੇ ਖਿਲਾਫ ਬੋਲ ਰਹੇ ਹਨ, ਉਹ ਅਜਿਹਾ ਨਾ ਕਰਨ। ਜੇ ਕਰ ਕੋਈ ਗੱਲ ਹੈ ਤਾਂ ਪਾਰਟੀ ਪਲੇਟਫਾਰਮ ਤੇ ਰੱਖਣ।  ਨਾਲ ਹੀ ਉਹਨਾਂ ਕਿਹਾ ਜੋ ਆਪਣੀ ਹੀ ਪਾਰਟੀ ਨੂੰ ਵੰਗਾਰ ਰਹੇ ਹਨ ਉਹ ਅਜਿਹਾ ਨਾ ਕਰਦਿਆਂ ਆਪਣੇ ਆਪਣੇ ਹਲਕਿਆਂ ਵਿੱਚ ਕੰਮ ਕਰਨ। ਜੇ ਉਹ ਅਸੰਤੁਸ਼ਟ ਸਨ ਤਾਂ ਪਹਿਲਾਂ ਹੀ ਅਸਤੀਫਾ ਦੇ ਦਿੰਦੇ, ਹੁਣ ਪਾਰਟੀ ਦਾ ਵਿਰੋਧ ਕਰਕੇ ਵਿਰੋਧੀ ਪਾਰਟੀਆਂ ਲਈ ਮਾਹੌਲ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਰਕਾਰ ਸਿਰਫ ਕਾਂਗਰਸ ਪਾਰਟੀ ਦੀ ਹੀ ਦੁਬਾਰਾ ਬਣਨੀ ਹੈ। ਉਹਨਾਂ ਨੇ ਸਾਫ ਕੀਤਾ ਕੀ ਬੇਸ਼ੱਕ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੇ ਹਲਕੇ ਵਿੱਚ ਨਸ਼ਾ ਰੋਕਣ ਲਈ ਪੁਲਿਸ ਦੀ ਅਸਫਲਤਾ ਵੱਲ ਇਸ਼ਾਰਾ ਕੀਤਾ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਜਿਲਾ ਕਪੂਰਥਲਾ ਪੁਲਿਸ ਬੇਹਤਰ ਢੰਗ ਨਾਲ ਕੰਮ ਕਰ ਰਹੀ ਹੈ। ਪਰ ਰਾਣਾ ਦੇ ਹਲਕੇ ਵਿੱਚ ਅਜਿਹਾ ਕਿਉਂ ਹੈ ਉਹਨਾਂ ਨੂੰ ਨਹੀਂ ਪਤਾ । 
ਚੀਮਾ ਨੇ ਸੁਖਬੀਰ ਬਾਦਲ ਤੇ ਵੀ ਤੰਜ ਕੱਸਦਿਆਂ ਕਿਹਾ ਕਿ ਜੋ ਸੁਖਬੀਰ ਬਾਦਲ ਕਾਂਗਰਸੀ ਵਿਧਾਇਕ ਦੇ ਪੁਲਿਸ ਉੱਪਰ ਦਬਾਅ ਦੀ ਗੱਲ ਕਰ ਰਹੇ ਹਨ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਰਾਜ ਵਿੱਚ ਹੀ ਅੰਮ੍ਰਿਤਸਰ ਵਿਚ ਇਕ ਪੁਲਿਸ ਅਧਿਕਾਰੀ ਦੀ ਆਪਣੀ ਬੇਟੀ ਦੀ ਇੱਜਤ ਬਚਾਂਦੇ ਹੋਏ ਅਕਾਲੀ ਆਗੂਆਂ ਦੀ ਗੁੰਡਾਗਰਦੀ ਦੌਰਾਨ ਮੌਤ ਹੋ ਗਈ ਸੀ।  ਹੁਣ ਵੀ ਸੁਖਬੀਰ ਬਾਦਲ ਅਕਸਰ ਪੁਲਿਸ ਨੂੰ ਕਮਜ਼ੋਰ ਕਰਨ ਵਾਲੇ ਬਿਆਨ ਦਿੰਦੇ ਹਨ, ਜਿਹਨਾਂ ਵਿਚ ਨੌਜਵਾਨਾਂ ਨੂੰ ਕਾਨੂੰਨ ਦੀ ਧੱਜੀਆਂ ਉਡਾਣ ਲਈ ਪ੍ਰੇਰਿਤ ਕਰਨ ਵਾਲੇ ਬਿਆਨ ਸ਼ਾਮਿਲ ਹਨ।