You are currently viewing ਇਨਵੈਸਟ ਪੰਜਾਬ ਕਰੇਗੀ ਕੇਸ ਆਧਾਰਤ ਪ੍ਰੋਤਸਾਹਨ ਦੇਣ ਲਈ ਰੋਡਮੈਪ ਤਿਆਰ
ਪੰਜਾਬ ਸਰਕਾਰ ਵਲੋਂ ਐਮਿਸ਼ਨ ਟਰੇਡਿੰਗ ਸਕੀਮ

ਇਨਵੈਸਟ ਪੰਜਾਬ ਕਰੇਗੀ ਕੇਸ ਆਧਾਰਤ ਪ੍ਰੋਤਸਾਹਨ ਦੇਣ ਲਈ ਰੋਡਮੈਪ ਤਿਆਰ

ਚੰਡੀਗੜ੍ਹ, 24 ਮਈ (ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਨਵੈਸਟ ਪੰਜਾਬ ਨੂੰ ਅਜਿਹਾ ਮਾਡਲ ਤਿਆਰ ਕਰਨ ਲਈ ਆਖਿਆ ਹੈ ਜਿੱਥੇ ਕੇਸ ਆਧਾਰਤ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤੇ ਜਾਣ।
ਵੀਡਿਓ ਕਾਨਫਰੰਸਿੰਗ ਰਾਹੀਂ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀ.ਬੀ.ਆਈ.ਪੀ.) ਦੇ ਬੋਰਡ ਆਫ ਗਵਰਨਰਜ਼ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਪਾਸ ਕੀਤਾ ਲਾਲ ਫੀਤਾਸ਼ਾਹੀ ਵਿਰੋਧੀ ਬਿੱਲ ਲੋਕਾਂ ਨੂੰ ਸੇਵਾਵਾਂ ਦੇਣ ਵਿੱਚ ਸੁਧਾਰ ਲਿਆਉਣ ਅਤੇ ਉਦਯੋਗਾਂ ਨੂੰ ਕਾਰੋਬਾਰ ਵਿੱਚ ਸੌਖ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਸੁਧਾਰਾਂ ਦੇ ਪ੍ਰੋਗਰਾਮ ਦਾ ਹਿੱਸਾ ਹੈ ਤਾਂ ਜੋ ਸਰਕਾਰੀ ਪ੍ਰਕਿਰਿਆਵਾਂ ‘ਤੇ ਪਹਿਲਾਂ ਹੀ ਮੁੜ ਵਿਚਾਰ ਕਰਨ ਅਤੇ ਇਸ ਨੂੰ ਵਧੇਰੇ ਨਿਵੇਸ਼ ਪੱਖੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਸੂਬੇ ਵੱਲ ਖਿੱਚਣ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਪੰਜਾਬ ਦੇ ਸਮੁੱਚੇ ਉਦਯੋਗਿਕ ਵਿਕਾਸ ਅਤੇ ਖੁਸ਼ਹਾਲੀ ਦਾ ਹਿੱਸਾ ਬਣਨ ਲਈ ਹਰ ਸੰਭਾਵਿਤ ਉਦਮੀ/ਉਦਯੋਗਪਤੀ ਨੂੰ ਸਹੂਲਤ ਦੇਣਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਪੰਜਾਬ ਦੇਸ਼ ਦਾ ਹੀ ਨਹੀਂ ਬਲਕਿ ਵਿਸ਼ਵ ਦਾ ਮੋਹਰੀ ਉਦਯੋਗਿਕ ਸੂਬਾ ਬਣੇ।
ਇਸੇ ਦੌਰਾਨ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅੱਗਰਵਾਲ ਨੇ ਬਿਊਰੋ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਪੇਸ਼ਕਾਰੀ ਦਿੱਤੀ। ਇਹ ਦੱਸਿਆ ਗਿਆ ਕਿ 84,500 ਕਰੋੜ ਰੁਪਏ ਦੇ 2394 ਪ੍ਰਾਜੈਕਟ ਸੂਬੇ ਵਿੱਚ ਆਏ ਹਨ। ਇਨ੍ਹਾਂ ਵਿੱਚੋਂ 53 ਫੀਸਦੀ ਪ੍ਰਾਜੈਕਟਾਂ ਵੱਲੋਂ ਆਪਣਾ ਵਪਾਰਕ ਉਤਪਾਦਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੂਬੇ ਵਿੱਚ ਵੱਖ-ਵੱਖ 35 ਫੀਸਦੀ ਹੋਰ ਪ੍ਰਾਜੈਕਟ ਸ਼ੁਰੂ ਹੋਣ ਲਈ ਨਿਰਮਾਣ ਅਧੀਨ ਤੇ ਟਰਾਇਲ ਉਤਪਾਦਨ ਅਧੀਨ ਹਨ। ਕੁੱਲ ਪ੍ਰਾਜੈਕਟਾਂ ਵਿੱਚੋਂ 24 ਫੀਸਦੀ ਪ੍ਰਾਜੈਕਟ ਐਸ.ਏ.ਐਸ. ਨਗਰ ਜਦੋਂ ਕਿ 22 ਫੀਸਦੀ ਪ੍ਰਾਜੈਕਟ ਲੁਧਿਆਣਾ ਵਿੱਚ ਆਏ ਹਨ। ਸੂਬੇ ਦੇ ਅੰਦਰੂਨੀ ਜ਼ਿਲ੍ਹਿਆਂ ਜਿਵੇਂ ਕਿ ਸੰਗਰੂਰ ਤੇ ਬਠਿੰਡਾ ਅਤੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ, ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਵੀ ਨਿਵੇਸ਼ ਹੋਇਆ ਹੈ। ਜੇ ਖੇਤਰ ਅਨੁਸਾਰ ਗੱਲ ਕੀਤੀ ਜਾਵੇ ਤਾਂ 31 ਫੀਸਦੀ ਪ੍ਰਾਜੈਕਟ ਉਤਪਾਦਨ, 15 ਫੀਸਦੀ ਐਗਰੋ ਤੇ ਫੂਡ ਪ੍ਰਾਸੈਸਿੰਗ, 8 ਫੀਸਦੀ ਟੈਕਸਟਾਈਲ ਅਤੇ 6 ਫੀਸਦੀ ਅਲਾਏ ਸਟੀਲ ਖੇਤਰਾਂ ਵਿੱਚ ਲੱਗੇ ਹਨ। ਸੂਬੇ ਵਿੱਚ ਨਿਵੇਸ਼ ਫਰਮਾਸਿਊਟੀਕਲ, ਆਈ.ਟੀ. ਤੇ ਆਈ.ਟੀ.ਈ.ਐਸ., ਆਟੋ ਤੇ ਸਰਵਿਸ ਸੈਕਟਰ ਵਿੱਚ ਵੀ ਹੋਇਆ ਹੈ।
ਮੁੱਖ ਮੰਤਰੀ ਨੇ ਮਾਰਚ 2017 ਤੋਂ ਹੁਣ ਤੱਕ 3.13 ਲੱਖ ਨੌਜਵਾਨਾਂ ਲਈ ਰੋਜ਼ਗਾਰ ਦੀਆਂ ਸੰਭਾਵਨਾ ਵਾਲੀਆਂ 84,500 ਕਰੋੜ ਰੁਪਏ ਦੀਆਂ ਨਿਵੇਸ਼ ਤਜਵੀਜ਼ਾਂ ਲਈ ਇਨਵੈਸਟ ਪੰਜਾਬ ਦੀ ਸ਼ਲਾਘਾ ਕੀਤੀ। ਨਿਵੇਸ਼ ਦੂਜੇ ਦੇਸ਼ਾਂ ਜਿਵੇਂ ਕਿ ਜਰਮਨੀ, ਜਪਾਨ, ਫਰਾਂਸ, ਅਮਰੀਕਾ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਸਪੇਨ, ਡੈਨਮਾਰਕ, ਦੱਖਣੀ ਕੋਰੀਆ ਤੇ ਨਿਊਜ਼ੀਲੈਂਡ ਤੋਂ ਵੀ ਹੋਇਆ ਹੈ। ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਦਸੰਬਰ 2021 ਦੇ ਅਖੀਰ ਤੱਕ ਪੰਜਾਬ ਇਕ ਲੱਖ ਕਰੋੜ ਦੇ ਨਿਵੇਸ਼ ਦੇ ਟੀਚੇ ਦੀ ਪ੍ਰਾਪਤੀ ਨੂੰ ਹਾਸਲ ਕਰੇ।
ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਹੀਰੋ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੰਕਜ ਮੁੰਜਾਲ ਨੇ ਲੁਧਿਆਣਾ ਦੀ ਹਾਈ-ਟੈਕ ਸਾਈਕਲ ਵੈਲੀ ਵਿਚ 500 ਕਰੋੜ ਰੁਪਏ ਦੀ ਲਾਗਤ ਦੇ ਇਲੈਕਟ੍ਰਿਕ ਸਾਈਕਲ ਅਤੇ ਹਾਈ-ਐਂਡ ਬਾਈਸਾਈਕਲ ਸਥਾਪਤ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਸਤੇ ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਹਾਈਟੈੱਕ ਸਾਈਕਲ ਵੈਲੀ ਵਿੱਚ ਸਹੂਲਤਾਂ ਸਥਾਪਤ ਕਰਨ ਲਈ ਜਾਪਾਨੀ ਕੰਪਨੀ ਯਾਮ੍ਹਾ ਅਤੇ ਮਿਤਸੁਈ ਤੋਂ ਇਲਾਵਾ ਜਰਮਨੀ ਅਤੇ ਯੂ.ਕੇ. ਦੀਆਂ ਹੋਰ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਈ-ਸਾਈਕਲ ਮਾਰਕੀਟ ਉਦਯੋਗ ਦੀ ਆਲਮੀ ਸਮਰੱਥਾ 5 ਲੱਖ ਕਰੋੜ ਰੁਪਏ ਹੈ ਜਿਸ ਵਿਚੋਂ ਭਾਰਤ ਦਾ ਹਿੱਸਾ ਸਿਰਫ 2 ਫੀਸਦੀ ਯਾਨੀ 10,000 ਕਰੋੜ ਰੁਪਏ ਹੈ ਜੋ ਅੱਗੇ 50,000 ਕਰੋੜ ਰੁਪਏ ਤੱਕ ਵਧਾਇਆ ਜਾ ਸਕਦਾ ਹੈ।
ਇਸ ਦੌਰਾਨ ਸੀ.ਆਈ.ਆਈ. ਪੰਜਾਬ ਸਟੇਟ ਕੌਂਸਲ ਦੇ ਚੇਅਰਮੈਨ ਭਵਦੀਪ ਸਰਦਾਨਾ ਨੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਅਤੇ ਸਮੁੱਚੇ ਮੰਡੀ ਗੋਬਿੰਦਗੜ੍ਹ ਦੀ ਸੁਰਜੀਤੀ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਸੈਕੰਡਰੀ ਸਟੀਲ, ਫੌਰਜਿੰਗ ਅਤੇ ਮਸ਼ੀਨਿੰਗ ਵਿੱਚ ਮੌਜੂਦਾ ਵਿਕਾਸ ਅਤੇ ਸੰਭਾਵਨਾ ਨੂੰ ਵੇਖਦਿਆਂ ਪੰਜਾਬ ਵਿੱਚ ਸਟੀਲ ਸਿਟੀ ਸਥਾਪਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਸ੍ਰੀ ਟੂਲ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਐਸ.ਸੀ. ਰਲਹਨ ਨੇ ਹੈਂਡ ਐਂਡ ਪਾਵਰ ਟੂਲ ਦੇ ਨਿਰਮਾਣ ਲਈ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਇਸ ਦੀ ਬਰਾਮਦ ਸਮਰੱਥਾ ਵਧਾ ਕੇ 3000 ਕਰੋੜ ਰੁਪਏ ਤੱਕ ਕੀਤੀ ਜਾ ਸਕੇ।
ਵਰਧਮਾਨ ਸਮੂਹ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨੇ ਪ੍ਰਾਜੈਕਟਾਂ ਦੇ ਵਪਾਰਕ ਉਤਪਾਦਨ ਅਤੇ ਉਸਾਰੀ ਅਧੀਨ ਚੱਲ ਰਹੇ ਪ੍ਰਾਜੈਕਟਾਂ ਦੇ ਵਪਾਰਕ ਉਤਪਾਦਨ ਦੇ ਮਾਮਲੇ ਵਿੱਚ ਇੰਨੀ ਉੱਚ ਪ੍ਰਤੀਸ਼ਤਤਾ ਪ੍ਰਾਪਤ ਕਰਨ ਲਈ ਸੂਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਜਾਪਾਨ ਦੀ ਆਈਚੀ ਸਟੀਲਜ਼ ਵੱਲੋਂ ਪੰਜਾਬ ਵਿੱਚ ਵਰਧਮਾਨ ਸਟੀਲਜ਼ ਰਾਹੀਂ ਕੀਤੇ ਗਏ ਨਿਵੇਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਦੱਸਿਆ ਕਿ ਵਰਧਮਾਨ ਸਟੀਲਜ਼ ਆਪਣੇ ਪ੍ਰਾਜੈਕਟ ਦੇ ਵਿਸਥਾਰ ਲਈ ਹੋਰ 200 ਕਰੋੜ ਰੁਪਏ ਦਾ ਨਿਵੇਸ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਨ੍ਹਾਂ ਸਨਅਤਕਾਰਾਂ ਦੁਆਰਾ ਦਿੱਤੀ ਗਈ ਜਾਣਕਾਰੀ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਪੀ.ਬੀ.ਆਈ.ਪੀ. ਨੂੰ ਉਨ੍ਹਾਂ ਦੇ ਸੁਝਾਵਾਂ ‘ਤੇ ਗੌਰ ਕਰਨ ਲਈ ਕਿਹਾ ਅਤੇ ਸੂਬੇ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਜੋ ਕਿ ਸਮੇਂ ਦੀ ਲੋੜ ਹੈ।
ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਉਦਯੋਗਿਕ ਖੇਤਰ ਵਿੱਚ 84,500 ਕਰੋੜ ਰੁਪਏ ਦੇ ਨਿਵੇਸ਼ ਬਾਰੇ ਜਾਣ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸੂਬੇ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਦੀ ਗਵਾਹੀ ਭਰਦਾ ਹੈ। ਉਨ੍ਹਾਂ ਇਹ ਸੁਝਾਅ ਵੀ ਦਿੱਤਾ ਕਿ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਥਾਂ ਵਜੋਂ ਚੁਣਨ ਲਈ ਦੇਸ਼ ਅਤੇ ਵਿਸ਼ਵ ਭਰ ਤੋਂ ਇਛੁੱਕ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਸੇਧ ਦੇਣ ਵਾਸਤੇ ਬਿਊਰੋ ਦੀ ਚੋਟੀ ਦੀ ਟੀਮ ਨਾਲ ਨਵੀਂ ਦਿੱਲੀ ਵਿਖੇ ਇਕ ਹਾਈ-ਐਂਡ ਦਫਤਰ ਸਥਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ ਰਾਜਪੁਰਾ, ਬਠਿੰਡਾ ਅਤੇ ਗੋਇੰਦਵਾਲ ਸਾਹਿਬ ਵਿਖੇ ਉਦਯੋਗਾਂ ਲਈ ਕਾਫੀ ਜ਼ਮੀਨ ਹੈ ਜਿਨ੍ਹਾਂ ਦੀ ਸਰਵੋਤਮ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਪੰਜਾਬ ਵਿਚ ਆਪਣਾ ਉੱਦਮ ਸਥਾਪਤ ਕਰਨ ਦੇ ਚਾਹਵਾਨ ਉੱਦਮੀਆਂ ਨੂੰ ਪੇਸ਼ ਕੀਤੀ ਜਾ ਸਕਦੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਬਿਜਲੀ ਏ ਵੇਣੂ ਪ੍ਰਸਾਦ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਕਮ ਉਦਯੋਗ ਤੇ ਵਣਜ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸਕੱਤਰ ਸਥਾਨਕ ਸਰਕਾਰ ਅਜੋਏ ਸ਼ਰਮਾ ਹਾਜ਼ਰ ਸਨ।