You are currently viewing ਧੜੱਲੇਦਾਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਪੁਲਸ ਅੱਗੇ ਬੇਬੱਸ
ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਵੀ ਉੱਬਲ ਪਏ

ਧੜੱਲੇਦਾਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਪੁਲਸ ਅੱਗੇ ਬੇਬੱਸ

ਕਪੂਰਥਲਾ (ਕੇ.ਐਸ.ਕੌੜਾ)- ਪੁਲਸ ਵਲੋ ਹਮੇਸ਼ਾਂ ਹੀ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਵੇਗਾ, ਉਸਦਾ ਨਾਮ ਗੁਪਤ ਰੱਖਿਆ ਜਾਵੇਗਾ ਤੇ ਲੋਕ ਨਸ਼ਾ ਤਸਕਰਾਂ ਦੀ ਬੇਝਿਜਕ ਹੋ ਕੇ ਪੁਲਸ ਨੂੰ ਸੂਚਨਾ ਦੇਣ।
ਪਰ ਕਪੂਰਥਲਾ ਵਿਚੋ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਪੁਲਸ ਦੀ ਕਹਿਣੀ ਤੇ ਕਰਨੀ ਉੱਪਰ ਤਿੱਖੇ ਸੁਆਲ ਖੜੇ ਕਰ ਦਿੱਤੇ ਹਨ।
ਦਰਅਸਲ ਕਪੂਰਥਲਾ ਦੇ ਉਚਾ ਧੋੜਾ ਖੇਤਰ ਦੇ ਵਸਨੀਕ ਮੰਗਲ ਦਾਸ ਮੰਗੀ ਨੇ ਪੁਲਸ ਉੱਪਰ ਗੰਭੀਰ ਇਲਜ਼ਾਮ ਲਗਾਉਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਵਾਰ ਵਾਰ ਸੂਚਨਾ ਦਿੱਤੀ ਸੀ ਕਿ ਉਚਾ ਧੋੜਾ ਖੇਤਰ ਵਿਚ ਨਸ਼ਾ ਵਿਕ ਰਿਹਾ ਹੈ। ਪਰ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮੇਰੇ ਬੇਟੇ ਵਰਿੰਦਰਪਾਲ ਉਰਫ ਬਾਲੀ ਵਿਰੁਧ ਹੀ ਨਸ਼ਾ ਵੇਚਣ ਦਾ ਮਾਮਲਾ ਦਰਜ ਕਰ ਦਿੱਤਾ ਹੈ।
ਹਾਲਾਂਕਿ ਮੰਗਲ ਦਾਸ ਨੇ ਮੰਨਿਆ ਕਿ ਉਸਦਾ ਬੇਟਾ ਨਸ਼ਾ ਕਰਦਾ ਹੈ ਪਰ ਉਸਦਾ ਦਾਅਵਾ ਹੈ ਕਿ ਉਹ ਨਸ਼ਾ ਵੇਚਦਾ ਨਹੀ। ਪਰ ਪੁਲਸ ਨੇ ਉਸਨੂੰ ਨਸ਼ਾ ਵੇਚਣ ਦੇ ਝੂਠੇ ਕੇਸ ਵਿਚ ਫਸਾ ਦਿੱਤਾ ਹੈ। ਮੰਗਲ ਦਾਸ ਨੇ ਨਸ਼ਾ ਰੋਕਣ ਲਈ ਬਣੇ ਨਾਰਕੋਟਿਕ ਸੈੱਲ ਵਿਚ ਤਾਇਨਾਤ ਏਐਸਆਈ ਭੁਪਿੰਦਰ ਸਿੰਘ ਤੇ ਕੁਲਦੀਪ ਸਿੰਘ ਉੱਪਰ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਗੰਭੀਰ ਇਲਜ਼ਾਮ ਵੀ ਲਗਾਏ।
ਉਧਰ ਇਸ ਮਾਮਲੇ ਵਿਚ ਹਲਕਾ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਕ ਪ੍ਰੈਸ ਵਾਰਤਾ ਕਰਕੇ ਆਪਣੀ ਹੀ ਸਰਕਾਰ ਦੇ ਹੁੰਦਿਆਂ ਪੁਲਸ ਨੂੰ ਇਸ ਮਾਮਲੇ ਵਿਚ ਸੁਆਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨਸ਼ਾ ਤਸਕਾਰਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਐਸਐਸਪੀ ਕਪੂਰਥਲਾ ਨੂੰ ਕਿਹਾ ਹੈ, ਪਰ ਪੁਲਸ ਵਲੋੋਂ ਇਸ ਮਾਮਲੇ ਵਿਚ ਢਿੱਲ ਦਿਖਾਈ ਜਾ ਰਹੀ ਹੈ।ਵਿਧਾਇਕ ਨੇ ਨਸ਼ਾ ਰੋਕਣ ਲਈ ਬਣੇ ਨਾਰਕੋਟਿਕ ਸੈੱਲ ਵਿਚ ਤਾਇਨਾਤ ਦੋਵੇਂ ਏਐਸਆਈ ਦਾ ਨਾਮ ਲੈਦੇ ਹੋਏ ਕਿਹਾ ਕਿ ਮੇਨੂੰ ਸ਼ਰਮ ਆ ਰਹੀ ਹੈ ਕਿ ਮੇਰੇ ਹਲਕੇ ਵਿਚ ਨਸ਼ਾ ਵਿਕੇ ਤੇ ਮੇਰੇ ਐਸਐਸਪੀ ਨੂੰ ਕਹਿਣ ਦੇ ਬਾਵਜੂਦ ਪੁਲਸ ਕਾਰਵਾਈ ਨਾ ਕਰੇ।
ਇਸ ਸਬੰਧੀ ਜਦੋ ਐਸਐਸਪੀ ਕਪੂਰਥਲਾ ਕੰਵਰਦੀਪ ਕੌਰ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀ ਹੈ, ਉਹ ਜਲਦ ਹੀ ਪ੍ਰੈਸ ਵਾਰਤਾ ਕਰਕੇ ਇਸ ਸਬੰਧੀ ਜਾਣਕਾਰੀ ਦੇਣਗੇ।